ਗਾਜਿਆਬਾਦ: ਕਾਬੁਲ ਤੋਂ ਅਫਗਾਨ ਦੇ ਇੱਕ ਸਿੱਖ ਸੰਸਦ ਮੈਂਬਰ ਤੇ 24 ਸਿੱਖਾਂ ਸਮੇਤ 168 ਭਾਰਤੀਆਂ ਨੂੰ ਅਫਗਾਨਿਸਤਾਨ ਤੋਂ ਲੈ ਕੇ ਭਾਰਤੀ ਹਵਾਈ ਫੌਜ ਦਾ ਜਹਾਲ ਸੀ-17 ਗਲੋਬ ਮਾਸਟਰ ਗਾਜਿਆਬਾਦ ਦੇ ਹਿੰਡਨ ਏਅਰਬੇਸ ‘ਤੇ ਪੁੱਜ ਗਿਆ। ਭਾਰਤ ਪੁੱਜੇ ਲੋਕਾਂ ਵਿੱਚ ਸਿੱਖ ਸੰਸਦ ਮੈਂਬਰ ਨਰੇੰਦਰ ਸਿੰਘ ਖਾਲਸਾ ਤੋਂ ਇਲਾਵਾ ਦੂਜੇ ਅਫਗਾਨੀ ਸੰਸਦ ਮੈਂਬਰ ਸੀਨੇਟਰ ਅਨਾਰਕਲੀ ਵੀ ਸ਼ਾਮਲ ਹਨ। ਅਨਾਰਕਲੀ ਤਾਲਿਬਾਨ ਵਿਰੋਧੀ ਰਹੀ ਹੈ। ਭਾਰਤ ਆਏ ਇਹ ਲੋਕਾਂ ਦਾ ਮੰਨਣਾ ਹੈ ਕਿ ਹੁਣ ਉਹ ਸ਼ਾਇਦ ਹੀ ਕਾਬੁਲ ਪਰਤਣ।
ਇਹ ਵੀ ਪੜ੍ਹੋ:ਜਹਾਜ਼ ਤੋਂ ਡਿੱਗਣ ਕਾਰਨ ਅਫ਼ਗਾਨੀ ਫੁੱਟਬਾਲਰ ਦੀ ਮੌਤ
‘ਸਾਰਾ ਕੁਝ ਸਿਫਰ ਹੋ ਗਿਆ’
ਸੰਸਦ ਮੈਂਬਰ ਨਰੇੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਥੇ ਸਾਰਾ ਕੁਝ ਤਬਾਹ ਹੋ ਗਿਆ। ਜੋ ਕੁਝ ਪਿਛਲੇ 20 ਸਾਲਾਂ ‘ਚ ਬਣਾਇਆ ਉਹ ਖਤਮ ਹੋ ਗਿਆ ਤੇ ਹੁਣ ਸਾਰਾ ਕੁਝ ਸਿਫਰ ਹੈ। ਸੰਸਦ ਮੈਂਬਰ ਹੋਣ ਦੇ ਨਾਤੇ ਉਹ ਕੀ ਕਹਿਣਾ ਚਾਹੁੰਦੇ ਹਨ, ਬਾਰੇ ਪੁੱਛੇ ਸੁਆਲ ਦੇ ਜਵਾਬ ਵਿੱਚ ਅਥਰੂ ਕੇਰਦਿਆਂ ਉਨ੍ਹਾਂ ਕਿਹਾ ਕਿ ਹਾਲਾਤ ‘ਤੇ ਸਿਰਫ ਰੋਣਾ ਆ ਰਿਹਾ ਹੈ। ਗਾਜਿਆਬਾਦ ਦੇ ਹਿੰਡਨ ਏਅਰਬੇਸ ਤੋਂ ਨਿਕਲੇ ਇੱਕ ਸਿੱਖ ਨੇ ਕਿਹਾ ਉਥੇ ਲੋਕ ਤਾਲਿਬਾਨੀਆਂ ਤੋਂ ਲੁਕ ਛਿਪ ਕੇ ਰਹਿ ਰਹੇ ਹਨ ਤੇ ਉਨ੍ਹਾਂ ਅੱਠ ਦਿਨ ਗੁਰਦੁਆਰੇ ਵਿਚ ਕੱਟੇ।
ਤਾਲਿਬਾਨ ਲੋਕਾਂ ਨੂੰ ਲੱਭ-ਲੱਭ ਕੇ ਤਲਾਸ਼ੀ ਲੈ ਰਹੇ ਹਨ। ਵਾਪਸ ਪਰਤੇ ਲੋਕਾਂ ਦਾ ਕਹਿਣਾ ਹੈ ਕਿ ਲੋਕ ਦੂਜੇ ਮੁਲਕਾਂ ਨੂੰ ਜਾਣ ਲਈ ਏਅਰਪੋਰਟ ‘ਤੇ ਹਵਾਈ ਸੇਵਾ ਦਾ ਇੰਤਜਾਰ ਕਰ ਰਹੇ ਸੀ ਤਾਂ ਵੀ ਤਾਲਿਬਾਨ ਏਅਰਪੋਰਟ ਤੋਂ ਲੋਕਾਂ ਨੂੰ ਚੁੱਕ ਕੇ ਲੈ ਗਏ, ਹਾਲਾਂਕਿ ਬਾਅਦ ਵਿੱਚ ਤਾਲਿਬਾਨ ਨੇ ਲੋਕਾਂ ਨੂੰ ਛੱਡ ਵੀ ਦਿੱਤਾ।
ਇੱਕ ਨੌਜਵਾਨ ਨੇ ਦੱਸਿਆ ਕਿ ਉਹ ਸਟੀਲ ਪਲਾਂਟ ਵਿੱਚ ਕੰਮ ਕਰਦਾ ਸੀ ਤੇ ਭਾਰਤ ‘ਚ ਆਪਣੇ ਵਤਨ ‘ਚ ਪੈਰ ਧਰਦਿਆਂ ਹੀ ਉਸ ਨੂੰ ਸੁਖ ਦਾ ਸਾਹ ਆਇਆ ਤੇ ਹੁਣ ਉਹ ਕਦੇ ਵੀ ਮੁੜ ਕੇ ਅਫਗਾਨਿਸਤਾਨ ਨਹੀਂ ਜਾਵੇਗਾ। ਇਕ ਅਫਗਾਨੀ ਮਹਿਲਾ ਨੇ ਆਪਬੀਤੀ ਸੁਣਾਉਂਦਿਆਂ ਦੱਸਿਆ ਕਿ ਤਾਲੀਬਾਨ ਨੇ ਉਸ ਦਾ ਘਰ ਸਾੜ ਦਿੱਤਾ ਤੇ ਉਹ ਸਿਰਫ ਭਾਰਤ ਹੀ ਆਉਣਾ ਚਾਹੁੰਦੀ ਸੀ ਤੇ ਹੁਣ ਇੱਥੇ ਪੁੱਜ ਕੇ ਉਸ ਨੂੰ ਵੱਡੀ ਰਾਹਤ ਮਿਲੀ ਹੈ।
ਅਫਗਾਨਿਸਤਾਨ ‘ਚ ਸੁਰੱਖਿਅਤ ਨਹੀਂ ਹਨ ਲੋਕ
ਇੱਕ ਹੋਰ ਅਫਗਾਨੀ ਨੌਜਵਾਨ ਨੇ ਕਿਹਾ ਕਿ ਕਾਬੁਲ ਤੋਂ ਵੱਡੀ ਗਿਣਤੀ ਵਿੱਚ ਲੋਕ ਅਫਗਾਨਿਸਤਾਨ ਦੇ ਕਾਬੁਲ ਤੇ ਹੋਰ ਸ਼ਹਿਰਾਂ ‘ਚੋਂ ਬਾਹਰ ਨਿਕਲਣਾ ਚਾਹੁੰਦੇ ਹਨ, ਕਿਉਂਕਿ ਤਾਲਿਬਾਨ ‘ਤੇ ਉਨ੍ਹਾਂ ਨੂੰ ਭਰੋਸਾ ਨਹੀਂ ਰਿਹਾ। ਤਾਲਿਬਾਨ ਵੱਲੋਂ ਦਿੱਤੇ ਭਰੋਸੇ ਦੇ ਬਾਵਜੂਦ ਲੋਕ ਅਫਗਾਨਿਸਤਾਨ ਵਿੱਚ ਆਪਣਾ ਭਵਿੱਖ ਸੁਰੱਖਿਅਤ ਨਹੀਂ ਵੇਖ ਰਹੇ। ਇਹ ਨੌਜਵਾਨ ਪਰਿਵਾਰ ਸਮੇਤ ਭਾਰਤ ਆਇਆ ਹੈ ਤੇ ਉਸ ਦਾ ਕਹਿਣਾ ਹੈ ਕਿ ਭਾਰਤ ਵਿੱਚ ਉਸ ਦੇ ਪੁਰਾਣੇ ਰਿਸ਼ਤੇ ਹਨ ਤੇ ਇੱਥੇ ਉਹ ਰੋਜੀ-ਰੋਟੀ ਦਾ ਜੁਗਾੜ ਕਰ ਲਵੇਗਾ।