ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ(Bharatiya Janata Party) ਦੀ ਇੱਕ ਰੋਜ਼ਾ ਕੌਮੀ ਕਾਰਜਕਾਰਨੀ ਦੀ ਮੀਟਿੰਗ(One day National Executive Meeting) ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੀ ਪ੍ਰਧਾਨਗੀ ਹੇਠ ਦਿੱਲੀ ਵਿੱਚ ਹੋਈ। ਜਿਸ ਵਿੱਚ ਦੇਸ਼ ਭਰ ਦੇ ਸਾਰੇ ਸੂਬਿਆਂ ਦੇ ਕੌਮੀ ਕਾਰਜਕਾਰਨੀ ਮੈਂਬਰਾਂ, ਸੂਬਾ ਪ੍ਰਧਾਨਾਂ ਅਤੇ ਸੰਗਠਨ ਦੇ ਜਨਰਲ ਸਕੱਤਰਾਂ ਨੇ ਸ਼ਮੂਲੀਅਤ ਕੀਤੀ।
ਕੌਮੀ ਕਾਰਜਕਾਰਨੀ ਦੀ ਇਸ ਮੀਟਿੰਗ ਵਿੱਚ ਪੰਜਾਬ ਤੋਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੀਟਿੰਗ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਨਾਲ ਸੰਗਠਨ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ, ਸਾਬਕਾ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ(Former National Vice President Avinash Rai Khanna) ਅਤੇ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਵਰਚੁਅਲ ਮਾਧਿਅਮ ਰਾਹੀਂ ਸ਼ਾਮਲ ਹੋਏ।
ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਦਾਮੋਦਰ ਦਾਸ ਮੋਦੀ(Prime Minister Narendra Modi) ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਕੋਰੋਨਾ ਦੇ ਕਾਰਨ ਭਾਜਪਾ ਦੇ ਸਾਰੇ ਪ੍ਰੋਗਰਾਮ ਪਾਰਟੀ ਵਲੋਂ ਵਰਚੁਅਲ ਰੂਪ ਵਿੱਚ ਉਲੀਕੇ ਜਾ ਰਹੇ ਸਨ। ਇਸ ਮੀਟਿੰਗ ਵਿੱਚ ਜਿੱਥੇ ਜਥੇਬੰਦਕ ਵਿਚਾਰ-ਵਟਾਂਦਰਾ ਕੀਤਾ ਗਿਆ।
ਉੱਥੇ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਜੀਵਨ ਗੁਪਤਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਜਪਾ ਦੀ ਰਾਸ਼ਟਰੀ ਟੀਮ ਦੀ ਸਾਰੇ ਰਾਜਾਂ ਨਾਲ ਕੀਤੀ ਜਾਣ ਵਾਲੀ ਇਹ ਇੱਕ ਰੁਟੀਨ ਮੀਟਿੰਗ ਹੈ ਅਤੇ ਜਿਸ ਵਿੱਚ ਸਾਰੇ ਰਾਜਾਂ ਦੇ ਕੌਮੀ ਕਾਰਜਕਾਰਨੀ ਮੈਂਬਰ ਹਿੱਸਾ ਲੈਂਦੇ ਹਨ।
ਇਸ ਮੀਟਿੰਗ ਵਿੱਚ ਪਾਰਟੀ ਦੇ ਅਗਲੇ ਤਿੰਨ ਮਹੀਨਿਆਂ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਉਸ ਸਬੰਧੀ ਰਣਨੀਤੀ 'ਤੇ ਵੀ ਚਰਚਾ ਕੀਤੀ ਗਈ ਅਤੇ ਸਾਰੇ ਸੂਬਾ ਪ੍ਰਧਾਨਾਂ ਨੇ ਪਾਰਟੀ ਲੀਡਰਸ਼ਿਪ ਨੂੰ ਆਪੋ-ਆਪਣੇ ਸੂਬਿਆਂ ਦੀ ਸਥਿਤੀ ਤੋਂ ਜਾਣੂੰ ਕਰਵਾਇਆ।
ਅਸ਼ਵਨੀ ਸ਼ਰਮਾ ਵੱਲੋਂ ਪਾਰਟੀ ਦੀ ਕੌਮੀ ਲੀਡਰਸ਼ਿਪ ਨੂੰ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਨੂੰ ਕੌਮੀ ਲੀਡਰਸ਼ਿਪ ਨੇ ਬੜੇ ਧਿਆਨ ਨਾਲ ਸੁਣਿਆ। ਸ਼ਰਮਾ ਨੇ ਪਾਰਟੀ ਲੀਡਰਸ਼ਿਪ ਨੂੰ ਸੂਬੇ ਵਿੱਚ ਚੋਣਾਂ ਲਈ ਚੱਲ ਰਹੀਆਂ ਜਥੇਬੰਦਕ ਤਿਆਰੀਆਂ ਬਾਰੇ ਵੀ ਜਾਣੂ ਕਰਵਾਇਆ। ਮੀਟਿੰਗ ਦਾ ਸਮਾਪਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਨਾਲ ਹੋਇਆ, ਜਿਸ ਵਿੱਚ ਪ੍ਰਧਾਨ ਮੰਤਰੀ ਨੇ ਸਾਰੇ ਵਰਕਰਾਂ ਦਾ ਮਾਰਗਦਰਸ਼ਨ ਕੀਤਾ।
ਇਹ ਵੀ ਪੜ੍ਹੋ:ਪੰਜਾਬ ਕੈਬਨਿਟ ’ਚ ਲਏ ਗਏ ਵੱਡੇ ਫੈਸਲੇ, ਜਾਣੋ ਪੰਜਾਬ ਦੇ ਲੋਕਾਂ ਨੂੰ ਕੀ-ਕੀ ਮਿਲੀ ਰਾਹਤ...