ਹੈਦਰਾਬਾਦ: ਇੱਥੋਂ ਦੇ ਅਸ਼ੋਕ ਨਗਰ 'ਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀ 23 ਸਾਲਾ ਲੜਕੀ ਨੇ ਆਪਣੇ ਹੋਸਟਲ ਦੇ ਕਮਰੇ 'ਚ ਕਥਿਤ ਤੌਰ 'ਤੇ ਫਾਹਾ (Girl commits suicide in Telangana) ਲੈ ਕੇ ਖੁਦਕੁਸ਼ੀ ਕਰ ਲਈ। ਇਸ ਉਪਰੰਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਨੇ ਇਲਾਕੇ ਵਿੱਚ ਪ੍ਰਦਰਸ਼ਨ ਕੀਤਾ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ੁੱਕਰਵਾਰ ਰਾਤ ਨੂੰ ਲੜਕੀ ਦੀ ਮੌਤ ਦੀ ਖਬਰ ਮਿਲਦੇ ਹੀ ਇਲਾਕੇ ਦੇ ਵੱਡੀ ਗਿਣਤੀ 'ਚ ਵਿਦਿਆਰਥੀ ਇਕੱਠੇ ਹੋ ਗਏ ਅਤੇ ਸੂਬਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਪੁਲਿਸ ਨੂੰ ਲੜਕੀ ਦੀ ਲਾਸ਼ ਨੂੰ ਹਸਪਤਾਲ ਲਿਜਾਣ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਟੈਲੀਵਿਜ਼ਨ 'ਤੇ ਪ੍ਰਸਾਰਿਤ ਹੋਏ ਦ੍ਰਿਸ਼ਾਂ 'ਚ ਪੁਲਿਸ ਭੀੜ ਨੂੰ ਖਿੰਡਾਉਂਦੀ ਹੋਈ ਦਿਖਾਈ ਦਿੱਤੀ ਪਰ ਪੁਲਿਸ ਨੇ ਲਾਠੀਚਾਰਜ ਤੋਂ ਇਨਕਾਰ ਕੀਤਾ। ਇਕ ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਰਾਮਦ ਕੀਤੇ ਗਏ ਸੁਸਾਈਡ ਨੋਟ 'ਚ ਲੜਕੀ ਨੇ ਆਪਣੇ ਮਾਤਾ-ਪਿਤਾ ਤੋਂ ਉਨ੍ਹਾਂ ਲਈ ਕੁਝ ਨਾ ਕਰ ਸਕਣ ਲਈ ਮੁਆਫੀ ਮੰਗੀ ਹੈ। ਉਸ ਨੇ ਦੱਸਿਆ ਕਿ ਹੋਸਟਲ ਵਿੱਚ ਰਹਿੰਦੀ ਪੀੜਤਾ ਦੇ ਦੋਸਤਾਂ ਨੇ ਦੱਸਿਆ ਕਿ ਉਸ ਨੇ ਨਿੱਜੀ ਕਾਰਨਾਂ ਕਰਕੇ ਇਹ ਕਦਮ ਚੁੱਕਿਆ ਹੈ।
ਪੁਲਿਸ ਅਨੁਸਾਰ ਵਾਰੰਗਲ ਦੀ ਰਹਿਣ ਵਾਲੀ ਲੜਕੀ ਨੇ ਸ਼ੁੱਕਰਵਾਰ ਰਾਤ ਨਿੱਜੀ ਕਾਰਨਾਂ ਕਰਕੇ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਹਾਲਾਂਕਿ, ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਲੜਕੀ ਕੋਈ ਨੌਕਰੀ ਨਾ ਮਿਲਣ ਅਤੇ ਤੇਲੰਗਾਨਾ ਰਾਜ ਲੋਕ ਸੇਵਾ ਕਮਿਸ਼ਨ ਦੁਆਰਾ ਹਾਲ ਹੀ ਵਿੱਚ ਗਰੁੱਪ 2 ਸੇਵਾਵਾਂ ਦੀ ਪ੍ਰੀਖਿਆ ਨੂੰ ਮੁਲਤਵੀ ਕਰਨ ਕਾਰਨ ਨਿਰਾਸ਼ ਸੀ।
ਵਿਰੋਧੀ ਪਾਰਟੀਆਂ ਨੇ ਲੜਕੀ ਦੀ ਮੌਤ ਲਈ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਕੇ ਲਕਸ਼ਮਣ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਦਾਅਵਾ ਕੀਤਾ ਕਿ ਉਸਨੇ ਲੜਕੀ ਦੇ ਸੁਸਾਈਡ ਨੋਟ ਨੂੰ ਜਨਤਕ ਕਰਨ ਦੀ ਮੰਗ ਕੀਤੀ, ਪਰ ਉਸਨੂੰ 'ਗ੍ਰਿਫਤਾਰ' ਕਰ ਲਿਆ ਗਿਆ।
ਲਕਸ਼ਮਣ ਨੇ ਕਿਹਾ, 'ਲੜਕੀ ਕਈ ਮਹੀਨਿਆਂ ਤੋਂ ਸਰਕਾਰੀ ਪ੍ਰੀਖਿਆਵਾਂ ਦੀ ਤਨਦੇਹੀ ਨਾਲ ਤਿਆਰੀ ਕਰ ਰਹੀ ਸੀ। ਪਰ ਬੀਆਰਐਸ ਸਰਕਾਰ ਵੱਲੋਂ ਪ੍ਰੀਖਿਆਵਾਂ ਨੂੰ ਵਾਰ-ਵਾਰ ਰੱਦ ਕਰਨ ਅਤੇ ਮੁਲਤਵੀ ਕੀਤੇ ਜਾਣ ਕਾਰਨ ਉਸ ਨੇ ਇਹ ਕਦਮ ਚੁੱਕਿਆ। ਭਾਜਪਾ ਸਾਂਸਦ ਨੇ ਰਾਜ ਸਰਕਾਰ ਦੀ "ਲਾਪਰਵਾਹੀ" ਤੋਂ ਪ੍ਰਭਾਵਿਤ ਲੜਕੀ ਦੇ ਨਾਲ-ਨਾਲ ਹੋਰਨਾਂ ਲਈ ਨਿਆਂ ਦੀ ਮੰਗ ਕੀਤੀ।
- Cricket World cup 2023 : ਪਾਕਿਸਤਾਨੀ ਗੇਂਦਬਾਜ਼ ਵਿਰਾਟ ਕੋਹਲੀ ਦੇ ਹੋਏ ਮੁਰੀਦ, ਤਰੀਫ਼ 'ਚ ਕੀਤੀਆਂ ਵੱਡੀਆਂ ਗੱਲਾਂ
- Two terrorists of LTE arrested: ਪੰਜਾਬ ਨੂੰ ਤਿਉਹਾਰਾਂ ਦੇ ਸੀਜਨ ਦੌਰਾਨ ਦਹਿਲਾਉਣ ਦੀ ਸਾਜ਼ਿਸ਼ ਨਕਾਮ, ਲਸ਼ਕਰ ਦੇ ਦੋ ਅੱਤਵਾਦੀ ਗ੍ਰਿਫ਼ਤਾਰ, ਭਾਰੀ ਵਿਸਫੋਟਕ ਅਤੇ ਅਸਲਾ ਬਰਾਮਦ
- Open Challenge Updates: ਇੱਕ ਨਵੰਬਰ ਦੀ ਬਹਿਸ ਲਈ ਸੁਨੀਲ ਜਾਖੜ ਦੀ ਨਵੀਂ ਸ਼ਰਤ, ਕਿਹਾ- ਬਹਿਸ ਨੂੰ ਸਹੀ ਦਿਸ਼ਾ 'ਚ ਚਲਾਉਣ ਲਈ ਲਾਇਆ ਜਾਵੇ ਤਿੰਨ ਮੈਂਬਰੀ ਪੈਨਲ
ਇਸ ਪ੍ਰਦਰਸ਼ਨ 'ਚ ਕਾਂਗਰਸ ਨੇਤਾ ਐੱਮ ਅਨਿਲ ਕੁਮਾਰ ਯਾਦਵ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਦੋ ਵਾਰ ਟੀਐਸਪੀਐਸਸੀ ਦੀ ਪ੍ਰੀਖਿਆ ਰੱਦ ਹੋਣ ਕਾਰਨ ਲੜਕੀ ਨੇ ਖੁਦਕੁਸ਼ੀ ਕੀਤੀ ਹੈ। ਯਾਦਵ ਨੇ ਘਟਨਾ ਦੀ ਨਿਆਂਇਕ ਜਾਂਚ ਕਰਵਾਉਣ ਅਤੇ ਲੜਕੀ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਹੈ। ਇਸ ਦੌਰਾਨ ਕਾਂਗਰਸ ਤੇਲੰਗਾਨਾ ਇਕਾਈ ਦੇ ਪ੍ਰਧਾਨ ਏ ਰੇਵੰਤ ਰੈਡੀ ਨੇ ਖੁਦਕੁਸ਼ੀ 'ਤੇ ਦੁੱਖ ਪ੍ਰਗਟ ਕੀਤਾ ਅਤੇ ਦੋਸ਼ ਲਾਇਆ ਕਿ ਬੀਆਰਐਸ ਸਰਕਾਰ ਭਰਤੀ ਪ੍ਰੀਖਿਆ ਨੂੰ ਸਹੀ ਢੰਗ ਨਾਲ ਕਰਵਾਉਣ ਵਿੱਚ ਅਸਫਲ ਰਹੀ ਹੈ।
ਰੈਡੀ ਨੇ ਮੌਜੂਦਾ ਲੋਕ ਸੇਵਾ ਕਮਿਸ਼ਨ ਵਿੱਚ ਨਵੇਂ ਮੈਂਬਰਾਂ ਦੀ ਨਿਯੁਕਤੀ ਦੀ ਮੰਗ ਕਰਦੇ ਹੋਏ ਕਾਂਗਰਸ ਅਤੇ ਹੋਰ ਪਾਰਟੀਆਂ ਵੱਲੋਂ ਪ੍ਰਸਤਾਵਿਤ 'ਰਾਸਤਾ ਰੋਕੋ' ਨੂੰ ਸਫਲ ਬਣਾਉਣ ਲਈ ਲੋਕਾਂ ਨੂੰ ਅਪੀਲ ਕੀਤੀ। ਰਾਜ ਸਰਕਾਰ ਇਸ ਤੋਂ ਪਹਿਲਾਂ ਤੇਲੰਗਾਨਾ ਰਾਜ ਲੋਕ ਸੇਵਾ ਕਮਿਸ਼ਨ ਦੁਆਰਾ ਕਰਵਾਈਆਂ ਗਈਆਂ ਭਰਤੀ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਹੋਣ ਨੂੰ ਲੈ ਕੇ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਦੇ ਹਮਲੇ ਦਾ ਸਾਹਮਣਾ ਕਰ ਚੁੱਕੀ ਹੈ।