ਛੱਤੀਸਗੜ੍ਹ: ਛੱਤੀਸਗੜ੍ਹ ਦੇ ਰਾਏਗੜ੍ਹ ਨਗਰ ਨਿਗਮ ਅਧੀਨ ਪੈਂਦੇ ਵਾਰਡ ਨੰਬਰ 25 'ਚ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਭਗਵਾਨ ਸ਼ਿਵ ਨੂੰ ਵੀ ਕਬਜ਼ਾਧਾਰੀ ਵਜੋਂ ਪਾਰਟੀ ਬਣਾਇਆ ਗਿਆ ਸੀ।
ਰੈਵੇਨਿਊ ਕੋਰਟ ਰਾਏਗੜ੍ਹ 'ਚ ਤਹਿਸੀਲਦਾਰ ਨੇ ਸ਼ਿਵ ਮੰਦਰ ਦੇ ਨਾਂ 'ਤੇ ਇਕ ਨੋਟਿਸ ਕੱਢਿਆ ਹੈ, ਜਿਸ 'ਚ ਭਗਵਾਨ ਸ਼ਿਵ ਨੂੰ ਅਦਾਲਤ 'ਚ ਆ ਕੇ ਆਪਣਾ ਪੱਖ ਪੇਸ਼ ਕਰਨ ਅਤੇ ਮੰਦਰ ਨਾਲ ਸਬੰਧਤ ਦਸਤਾਵੇਜ਼ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹਰ ਕੋਈ ਹੈਰਾਨ ਹੈ।
ਹਰ ਪਾਸੇ ਨੋਟਿਸ ਦੀ ਚਰਚਾ ਤੋਂ ਬਾਅਦ ਪ੍ਰਸ਼ਾਸਨ ਨੇ ਵੀ ਆਪਣਾ ਪੱਖ ਰੱਖਦਿਆਂ ਇਸ ਨੂੰ ਮਨੁੱਖੀ ਗਲਤੀ ਦੱਸਿਆ ਹੈ। ਹਾਲਾਂਕਿ ਨੋਟਿਸ ਨੂੰ ਲੈ ਕੇ ਪੂਰੇ ਸੂਬੇ 'ਚ ਚਰਚਾ ਚੱਲ ਰਹੀ ਹੈ। ਪੂਰਾ ਮਾਮਲਾ ਇਹ ਹੈ ਕਿ ਰਾਏਗੜ੍ਹ ਨਗਰ ਨਿਗਮ ਖੇਤਰ ਦੇ ਵਾਰਡ 25 ਦੀ ਸੁਧਾ ਰਜਵਾੜੇ ਨਾਮ ਦੀ ਔਰਤ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੀ ਜ਼ਮੀਨ ਤੱਕ ਪਹੁੰਚ ਨਾ ਹੋਣ ਅਤੇ ਲੋਕਾਂ ਵੱਲੋਂ ਰਸਤੇ ਵਿੱਚ ਨਾਜਾਇਜ਼ ਕਬਜ਼ਿਆਂ ਦੀ ਸ਼ਿਕਾਇਤ ਕੀਤੀ ਸੀ।
ਦੱਸ ਦੇਈਏ ਕਿ ਛੱਤੀਸਗੜ੍ਹ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਤਹਿਸੀਲ ਅਦਾਲਤ ਰਾਏਗੜ੍ਹ 'ਚ ਕੌਹਾਕੁੰਡਾ ਇਲਾਕੇ ਦੇ 25 ਲੋਕਾਂ ਨੂੰ ਆਪਣਾ ਪੱਖ ਰੱਖਣ ਅਤੇ ਆਪਣੀ ਕਬਜ਼ੇ ਵਾਲੀ ਜ਼ਮੀਨ ਸਬੰਧੀ ਦਸਤਾਵੇਜ਼ਾਂ ਸਮੇਤ ਅਦਾਲਤ 'ਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ। ਜਿਨ੍ਹਾਂ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸ਼ਿਵ ਮੰਦਰ ਦਾ ਨਾਮ ਵੀ ਸ਼ਾਮਲ ਹੈ।
ਇਸ ਨੋਟਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਪਿੰਡ ਵਿੱਚ ਛੱਪੜ ਨੇੜੇ ਬਣੇ ਸ਼ਿਵ ਮੰਦਰ ਨੂੰ ਤਹਿਸੀਲਦਾਰ ਦੀ ਅਦਾਲਤ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਪੂਰੇ ਮਾਮਲੇ 'ਚ ਮਾਲ ਅਦਾਲਤ ਦੇ ਨਾਇਬ ਤਹਿਸੀਲਦਾਰ ਵਿਕਰਾਂਤ ਰਾਠੌਰ ਨੇ ਦੱਸਿਆ ਕਿ ਮਨੁੱਖੀ ਗਲਤੀ ਕਾਰਨ ਸ਼ਿਵ ਮੰਦਰ ਨੂੰ ਨੋਟਿਸ ਭੇਜਿਆ ਗਿਆ ਹੈ, ਕਿਉਂਕਿ ਸੰਚਾਲਕ ਨੇ ਸ਼ਿਵ ਮੰਦਰ ਦੇ ਪੁਜਾਰੀ ਸ਼ਿਵ ਮਲਕਾਰ ਦੇ ਨਾਂ ਦੀ ਬਜਾਏ ਸਿੱਧਾ ਸ਼ਿਵ ਮੰਦਰ ਲਿਖ ਕੇ ਨੋਟਿਸ ਭੇਜਿਆ ਹੈ।
ਇਹ ਵੀ ਪੜ੍ਹੋ: ਧਾਰਮਿਕ ਮੂਰਤੀਆਂ ਦੀ ਭੰਨ੍ਹਤੋੜ, ਲੋਕਾਂ ਵਿੱਚ ਰੋਸ