ਚੰਡੀਗੜ੍ਹ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸ਼ੋਦੀਆ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਮੇਰੀ ਚੁਣੌਤੀ ਮੰਜੂਰ ਕਰਦਿਆਂ ਦਿੱਲੀ ਤੇ ਪੰਜਾਬ ਦੇ 250 ਸਕੂਲਾਂ ਵਿੱਚ ਹੋਏ ਸਿੱਖਿਆ ਸੁਧਾਰਾਂ ’ਤੇ ਖੁੱਲੀ ਬਹਿਸ ਦਾ ਸੱਦਾ ਪ੍ਰਵਾਨ ਕੀਤਾ ਹੈ। ਸਿਸ਼ੋਦੀਆ ਨੇ ਕਿਹਾ ਹੈ ਕਿ ਪਿਛਲੇ ਪੰਜ ਸਾਲਾਂਵਿੱਚ ਪੰਜਾਬ ਦੇ ਜਿਹੜੇ ਸਕੂਲਾਂ ਦੀ ਹਾਲਤ ਸੁਧਰੀ ਹੈ, ਉਨ੍ਹਾਂ ਵਿੱਚੋਂ ਸਾਰਿਆਂ ਨਾਲੋਂ ਬਿਹਤਰ 250 ਸਕੂਲਾਂ ਦੀ ਸੂਚੀ ਦਾ ਉਨ੍ਹਾਂ ਨੂੰ ਇੰਤਜਾਰ ਹੈ।

ਸਿਸ਼ੋਦੀਆ ਨੇ ਕਿਹਾ ਹੈ ਕਿ ਉਹ ਵੀ ਦਿੱਲੀ ਦੇ 250 ਸਕੂਲਾਂ ਦੀ ਸੂਚੀ ਪਰਗਟ ਸਿੰਘ ਨੂੰ ਦੇਣਗੇ ਤੇ ਫੇਰ ਉਹ ਦੋਵੇਂ ਇੱਕੋ ਵੇਲੇ ਤੈਅ ਸਮੇਂ ਤੇ ਤਰੀਖ ’ਤੇ ਇਨ੍ਹਾਂ ਸਕੂਲਾਂ ਵਿੱਚ ਜਾਣਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮੀਡੀਆ ਨੂੰ ਵੀ ਨਾਲ ਲਿਆ ਜਾਵੇਗਾ ਤਾਂ ਕਿ ਸਾਰੇ ਲੋਕ ਪੰਜਾਬ ਅਤੇ ਦਿੱਲੀ ਦੇ ਸਕੂਲਾਂ ਨੂੰ ਦੋਵਾਂ ਦੇ ਸਿੱਖਿਆ ਮਾਡਲ ਨੂੰ ਦੇਖ ਕੇ ਆਪਣੀ ਰਾਏ ਬਣਾ ਸਕਣ।

ਉਪ ਮੁੱਖ ਮੰਤਰੀ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਮੁਹਾਲੀ ਵਿਖੇ ਅਧਿਆਪਕਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ। ਇਥੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਪੰਜਾਬ ਦੇ ਅਧਿਆਪਕਾਂ ਨਾਲ ਮੁਲਾਕਾਤ ਕਰਨਗੇ। ਸਕੂਲਾਂ ਵਿੱਚ ਜੇਕਰ ਕੋਈ ਸੁਧਾਰ ਹੋਇਆ ਹੈ ਤਾਂ ਇਨ੍ਹਾਂ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕ, ਜਿਹੜੇ ਕਿ ਧਰਨੇ ਵਿੱਚ ਹੀ ਹੋਣਗੇ, ਕੇਜਰੀਵਾਲ ਨੂੰ ਸਕੂਲਾਂ ਦੀ ਹਾਲਤ ਬਾਰੇ ਦੱਸ ਦੇਣਗੇ। ਉਨ੍ਹਾਂ ਕਿਹਾ ਕਿ ਅਧਿਆਪਕਾਂ ਤੋਂ ਵੱਧ ਕੌਣ ਸਕੂਲਾਂ ਬਾਰੇ ਹਾਲਾਤ ਬਿਆਨ ਕਰ ਸਕੇਗਾ।

ਜਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿਖੇ ਪੰਜਾਬ ਦੀ ਸਿੱਖਿਆ ਨੀਤੀ ਤੇ ਅਧਿਆਪਕਾਂ ਨੂੰ ਪੱਕਾ ਨਾ ਕਰਨ ਅਤੇ ਤਬਾਦਲਾ ਨੀਤੀ ’ਤੇ ਸੁਆਲ ਖੜ੍ਹੇ ਕਰਦਿਆਂ ਕਿਹਾ ਸੀ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਹ ਅਧਿਆਪਕਾਂ ਅਤੇ ਸਕੂਲਾਂ ਦੀ ਹਾਲਤ ਸੁਧਾਰਨ ਦੀ ਦਿਸ਼ਾ ਵੱਲ ਬਿਹਤਰ ਕੰਮ ਕਰਨਗੇ। ਇਸ ਦੇ ਜਵਾਬ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਟਵੀਟਾਂ ਰਾਹੀਂ ਕੇਜਰੀਵਾਲ ਨੂੰ ਠੋਕਵਾਂ ਜਵਾਬ ਦਿੱਤਾ ਸੀ ਕਿ ਪੰਜਾਬ ਵਿੱਚ ਨਾ ਤਾਂ ਅਧਿਆਪਕਾਂ ਦੀ ਘਾਟ ਹੈ ਤੇ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਦੇਸ਼ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਹੈ।
ਇਹ ਵੀ ਪੜ੍ਹੋ:ਕੇਜਰੀਵਾਲ ਨੂੰ ਸਿੱਧੇ ਹੋਏ ਸਿੱਖਿਆ ਮੰਤਰੀ, ਕਹੀਆਂ ਇਹ ਵੱਡੀਆਂ ਗੱਲਾਂ