ਹੈਦਰਾਬਾਦ: ਵਿਸ਼ਵ ਭਰ ਵਿੱਚ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਹਿਲਾ ਸਮਾਨਤਾ ਦੇ ਵਜੋਂ ਮਨਾਇਆ ਜਾਂਦਾ ਹੈ। ਇਹ ਕਿਉਂ ਮਨਾਇਆ ਜਾਂਦਾ, ਕੀ ਕਾਰਨ ਨੇ, ਇਸ ਦਾ ਕੀ ਪਿਛੋਕੜ ਹੈ, ਇਸ ਬਾਰੇ ਗੱਲ ਹਮੇਸ਼ਾ ਤੋਂ ਹੁੰਦੀ ਆ ਰਹੀ ਹੈ ਅਤੇ ਹੁੰਦੀ ਰਹਿਣੀ। ਪਰ, ਅੱਜ ਅਸੀਂ ਇਸ ਦਿਨ ਦੀ ਅਸਲ ਮਹੱਤਤਾ ਅਤੇ ਜਾਂ ਕਹਿ ਕਹਿ ਲਓ ਕਿ ਇੱਕ ਔਰਤ ਕਿਨ੍ਹਾਂ-ਕਿਨ੍ਹਾਂ ਸੰਘਰਸ਼ਾਂ ਵਿੱਚੋਂ ਨਿਕਲ ਕੇ ਆਪਣੇ ਜੀਵਨ ਨੂੰ ਹੰਢਾਉਂਦੀ ਹੈ, ਉਸ 'ਤੇ ਚਰਚਾ ਕਰਾਂਗੇ...।
ਇਸ ਦਿਨ ਨੂੰ ਮਹਿਲਾ ਸਮਾਨਤਾ, ਬਰਾਬਰਤਾ ਦੇ ਵਜੋਂ ਮਨਾਇਆ ਜਾਂਦਾ ਹੈ। ਪਰ ਕੀ ਔਰਤ ਸੱਚਮੁਚ ਹੀ ਅੱਜ ਅਜ਼ਾਦ ਹੈ? ਔਰਤ ਨੂੰ ਕੱਪੜੇ ਪਾਉਣ ਤੋਂ ਲੈ ਕੇ ਬਾਹਰ ਜਾ ਕੇ ਕੰਮ ਕਰਨ ਵਿੱਚ ਕਿੰਨਾ ਕੁ ਸੰਘਰਸ਼ ਕਰਨਾ ਪੈਂਦਾ ਹੈ? ਅੱਜ ਅਸੀਂ ਦੇ ਪਹਿਲੂਆਂ ਬਾਰੇ ਚਰਚਾ ਕਰਾਂਗੇ...।
ਬਚਪਨ ਵਿੱਚ ਸੰਘਰਸ਼
ਔਰਤ ਦਾ ਔਰਤ ਹੋਣਾ ਭਾਵ ਕੇ ਜਦੋਂ ਉਸ ਦਾ ਜਨਮ ਹੁੰਦਾ ਹੈ ਤਾਂ ਉਹ ਸੰਘਰਸ਼ ਕਰਨਾ ਸ਼ੁਰੂ ਕਰ ਦਿੰਦੀ ਹੈ, ਉਸ ਨੂੰ ਹਰ ਚੀਜ਼ ਵਿੱਚ ਆਪਣੇ ਆਪ ਨੂੰ ਦੱਸਣਾ ਪੈਂਦਾ ਹੈ ਕਿ ਮੈਂ ਵੀ ਇਹ ਕਰਨਾ ਚਾਹੁੰਦੀ ਆ ਅਤੇ ਕਰ ਸਕਦੀ ਹਾਂ। ਜੇਕਰ ਗੱਲ ਉਸ ਦੇ ਜਨਮ ਦੀ ਕੀਤੀ ਜਾਵੇ ਤਾਂ ਔਰਤ ਨੂੰ ਇੱਕ ਘਰ ਤੋਂ ਹੀ ਅਤੇ ਜਨਮ ਤੋਂ ਹੀ ਸੰਘਰਸ਼ ਦਾ ਰਾਹ ਚੁਣਨਾ ਪੈਂਦਾ ਹੈ। ਉਸ ਦੇ ਹੱਸਣ, ਬੋਲ਼ਣ, ਉੱਠਣਾ, ਬੈਠਣਾ ਇਥੋਂ ਤੱਕ ਕਿ ਖਾਣ ਉਤੇ ਵੀ ਸਾਡੇ ਸਮਾਜ ਨੇ ਫਾਰਮੂਲੇ ਤੈਅ ਕਰ ਰੱਖੇ ਹੋਏ ਹਨ...।
ਜਿਵੇਂ ਕਿ
'ਤੂੰ ਆਹ ਚੀਜ਼ ਨਹੀਂ ਖਾਣੀ ਤੇਰੀ ਸਿਹਤ ਲਈ ਠੀਕ ਨਹੀਂ'
'ਕੁੜੀਆਂ ਜਿਆਦਾ ਹੱਸਦੀਆਂ ਨਹੀਂ ਹੁੰਦੀਆਂ'
'ਕੁੜੀਆਂ ਜਿਆਦਾ ਬੋਲਦੀਆਂ ਨਹੀਂ ਹੁੰਦੀਆਂ'
'ਕੁੜੀਆਂ ਦੀ ਤਰ੍ਹਾਂ ਬੈਠ'
ਇਹ ਸਵਾਲ ਉਨ੍ਹਾਂ ਦੀ ਜ਼ਿੰਦਗੀ ਦਾ ਜਿਵੇਂ ਹਿੱਸਾ ਬਣ ਜਾਂਦੇ ਹਨ ਅਤੇ ਉਸ ਨੂੰ ਸਾਰੀ ਜ਼ਿੰਦਗੀ ਇਨ੍ਹਾਂ ਨਾਲ ਮੁਕਾਬਲਾ ਕਰਨਾ ਪੈਂਦਾ ਹੈ।
ਕੱਪੜਿਆਂ ਨੂੰ ਲੈ ਕੇ ਟਿੱਪਣੀਆਂ
ਜੇਕਰ ਗੱਲ ਕੁੜੀਆਂ ਦੇ ਕੱਪੜਿਆਂ ਨੂੰ ਲੈ ਕੇ ਕਰੀਏ ਤਾਂ ਇਹ ਸਭ ਤੋਂ ਮੁੱਖ ਸੰਘਰਸ਼ ਬਣ ਗਿਆ ਹੈ, ਜੇਕਰ ਉਹ ਬੁਰਕਾ ਪਾਉਂਦੀ ਆ ਤਾਂ ਵੀ ਉਹ ਮਾੜੀ, ਜੇਕਰ ਜੀਨ ਪਾਉਂਦੀ ਐ ਤਾਂ ਵੀ।
ਕਹਿਣ ਦਾ ਭਾਵ ਹੈ ਕਿ ਉਸ ਨੂੰ ਸਮੇਂ ਸਮੇਂ ਉਤੇ ਇਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਨੂੰ ਕੱਪੜਿਆਂ ਵਿੱਚ ਵੀ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਜਿਵੇਂ ਉਹ ਇਨਸਾਨ ਨਾ ਹੋ ਕੇ ਕੋਈ ਵਿਕਾਊ ਚੀਜ਼ ਹੋਵੇ। ਉਸ ਦੇ ਸਰੀਰ ਉਤੇ ਭੱਦੇ ਮਜ਼ਾਕ ਕੀਤੇ ਜਾਂਦੇ ਨੇ, ਭੱਦੀਆਂ ਟਿੱਪਣੀ ਕੀਤੀਆਂ ਜਾਂਦੀਆਂ ਹਨ। ਉਸ ਨੂੰ ਪੁਰਜਾ, ਟੋਟਾ, ਨੱਡੀ ਆਦਿ ਸ਼ਬਦਾਂ ਨਾਲ ਪੁਕਾਰਿਆ ਜਾਂਦਾ ਹੈ। ਇੱਥੋ ਤੱਕ ਕਿ ਕਈ ਬਦ ਦਿਮਾਗ ਲੋਕ ਜਬਰ ਜਨਾਹ ਜਾਂ ਬਲਾਤਕਾਰ ਵਰਗੀਆਂ ਲਈ ਵੀ ਲੜਕੀਆਂ ਦੇ 'ਪਹਿਰਾਵੇ' ਨੂੰ 'ਕਾਰਨ' ਦੱਸਦੇ ਹਨ। ਇਹ ਕਿਹਾ ਜਾਂਦਾ ਹੈ ਕਿ ਅਸ਼ਲੀਲ ਕਪੜੇ ਪਾਏ ਸਨ ਇਸ ਲੜਕੀ ਨਾਲ ਗ਼ਲਤ ਹੋਇਆ ਹੈ, ਪਰ ਅਜਿਹੀਆਂ ਉਂਗਲਾ ਚੁੱਕਣ ਵਾਲਿਆਂ ਲਈ ਸਵਾਲ ਇਹ ਵੀ ਇਹ ਕਿ ਜਦੋਂ ਕੁਝ ਕਿ ਮਹੀਨਿਆਂ ਦੀਆਂ ਬੱਚੀਆਂ ਨੂੰ ਹਵਸ ਦੇ ਸ਼ਿਕਾਰੀਆਂ ਵਲੋਂ ਆਪਣਾ ਸ਼ਿਕਾਰ ਬਣਾ ਲਿਆ ਜਾਂਦਾ ਹੈ, ਤਾਂ ਉਸ ਸਮੇਂ ਕੀ ਉਸ ਬੱਚੀ ਦਾ ਵੀ ਪਹਿਰਾਵਾ ਹੀ ਕਾਰਨ ਰਿਹੈ ਹੋਵੇਗਾ ....?
ਸਮਾਜ ਔਰਤ ਨੂੰ ਇਨਸਾਨ ਮੰਨਣ ਤੋਂ ਵੀ ਮੁਨਕਰ
ਸਾਡਾ ਸਮਾਜ ਔਰਤ ਨੂੰ ਇਨਸਾਨ ਮੰਨਣ ਤੋਂ ਵੀ ਮੁਨਕਰ ਹੈ, ਔਰਤ ਨੂੰ ਇੱਕ ਇਨਸਾਨ ਮੰਨਣਾ ਉਸ ਦੀ ਡਿਕਸ਼ਨਰੀ ਵਿੱਚ ਨਹੀਂ ਹੈ, ਇਸੇ ਲਈ ਜੇਕਰ ਉਹ ਕੋਈ ਅਜਿਹਾ ਕੰਮ ਕਰਦੀ ਜਿਹੜਾ ਕਿ ਤਾਰੀਫ਼ਯੋਗ ਤਾਂ ਉਸ ਨੂੰ ਇਹ ਸੁਨਣ ਨੂੰ ਮਿਲਦਾ...
'ਮੇਰੇ ਪੁੱਤ ਨੇ ਕਿੰਨਾ ਚੰਗਾ ਕੰਮ ਕੀਤਾ'
'ਤੂੰ ਮੇਰੀ ਧੀ ਨਹੀਂ ਪੁੱਤ ਹੈ'
'ਤੂੰ ਮੈਨੂੰ ਪੁੱਤ ਬਣ ਕੇ ਦਿਖਾ ਦਿੱਤਾ'
ਇਹ ਲਾਈਨਾਂ ਸੁਆਲ ਖੜ੍ਹੇ ਕਰਦੀਆਂ ਹਨ ਕਿ ਔਰਤ ਸਿਰਫ਼ ਪੁੱਤ ਹੀ ਬਣ ਸਕਦੀ ਹੈ। ਜੇਕਰ ਉਹ ਕੋਈ ਚੰਗਾ ਕਰ ਕਰਦੀ ਹੈ, ਤਾਂ ਉਸ ਨੂੰ ਮੁੰਡੇ ਨਾਲ ਹੀ ਸੰਬੋਧਿਤ ਕੀਤਾ ਜਾਂਦਾ ਹੈ, ਜੋ ਕਿ ਚਰਚਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਅਤੇ ਇਸ ਪਿਛਲੇ ਕਾਰਨਾਂ ਦਾ ਪਤਾ ਲਗਾਉਣਾ ਚਾਹੀਦਾ ਹੈ।
ਕੰਮਾਂ ਦੀ ਵੰਡ ਸੰਬੰਧਤ ਪਹਿਲੂ
ਔਰਤ ਨੂੰ ਕੰਮਾਂ ਦੀ ਵੰਡ ਨੂੰ ਲੈ ਕੇ ਵੀ ਵਿਤਕਰਾ ਕੀਤਾ ਜਾਂਦਾ ਹੈ। ਭਾਵ ਕਿ ਉਸ ਨੂੰ ਘਰ ਦੇ ਕੰਮਾਂ ਤੱਕ ਹੀ ਸੀਮਿਤ ਰੱਖ ਦਿੱਤਾ ਜਾਂਦਾ ਹੈ ਅਤੇ ਜੇਕਰ ਉਹ ਹੌਂਸਲਾ ਕਰਕੇ ਇਸ ਤੋਂ ਉਪਰ ਉਠਦੀ ਹੈ, ਤਾਂ ਉਸ ਨੂੰ ਉਥੇ ਵੀ ਕਈ ਤਰ੍ਹਾਂ ਦੇ ਸੋਸ਼ਣ ਵਿੱਚੋਂ ਗੁਜ਼ਰਨਾ ਪੈਂਦਾ ਹੈ। ਕਦੇ ਉਸ ਨੂੰ ਦਫ਼ਤਰਾਂ ਵਿੱਚ ਬੌਸ, ਸਕੂਲਾਂ ਵਿੱਚ ਮਰਦ ਅਧਿਆਪਕਾਂ ਤੋਂ। ਇਹ ਸੋਸ਼ਨ ਸਿਰਫ਼ ਸਰੀਰਕ ਹੀਂ ਨਹੀਂ, ਬਲਕਿ ਦਿਮਾਗੀ ਤੌਰ ਉੱਤੇ ਸ਼ਾਮਲ ਹਨ।
ਖੈਰ! ਹੁਣ ਔਰਤ ਇਹਨਾਂ ਦਾ ਡੱਟ ਕੇ ਮੁਕਾਬਲਾ ਕਰਦੀ ਹੈ। ਇਥੋ ਤੱਕ ਕਿ ਇਕੱਠੇ ਕਿਸੇ ਅਦਾਰੇ ਵਿੱਚ ਕੰਮ ਕਰਦੇ ਪਤੀ ਪਤਨੀ ਵੀ, ਘਰ ਦਾ ਕੰਮ ਉਸ ਨਾਲ ਥੱਕ ਕੇ ਗਈ ਪਤਨੀ ਨੂੰ ਹੀ ਕਰਨਾ ਪੈਂਦਾ ਹੈ। ਰਾਤ ਨੂੰ ਸੌਂ ਕੇ ਉਠੇ ਹੋਏ ਚਾਦਰ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਵੀ ਸਿਰਫ਼ ਔਰਤ ਨੂੰ ਦੇ ਦਿੱਤੀ ਜਾਂਦੀ ਹੈ। ਅਜਿਹੇ ਸਵਾਲ ਔਰਤ ਦਿਵਸ ਉਤੇ ਉਠਾਉਣੇ ਚਾਹੀਦੇ ਹਨ ਜਾਂ ਦੂਜੇ ਸ਼ਬਦਾਂ ਵਿੱਚ ਕਹਿ ਲਈਏ ਕਿ ਤਾਂ ਇਨ੍ਹਾਂ ਗੱਲਾਂ ਸਬੰਧੀ ਆਉਂਦੀ ਪੀੜ੍ਹੀ ਨੂੰ ਜਾਗਰੂਕਤਾ ਹੋਣੀ ਬੇਹਦ ਜ਼ਰੂਰੀ ਹੈ, ਤਾਂ ਜੋ ਉਹ ਕੁੜੀ ਜਾਂ ਔਰਤ ਮਾਂ, ਭੈਣ ਹਰ ਰਿਸ਼ਤੇ ਦੇ ਰੂਪ ਵਿੱਚ ਉਸ ਦਾ ਸਨਮਾਨ ਕਰ ਸਕਣ।
ਮਾਂ, ਪਤਨੀ, ਧੀ, ਭੈਣ ਆਦਿ ਦੇ ਰੂਪ ਵਿੱਚ ਸੰਘਰਸ਼
ਮਾਂ ਦਾ ਅਜਿਹਾ ਕੰਮ ਹੁੰਦਾ ਕਿ ਉਸ ਨੂੰ ਕਦੇ ਛੁੱਟੀ ਹੀ ਨਹੀਂ ਮਿਲਦੀ, ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਉਸ ਦੀ ਡਿਊਟੀ ਹੁੰਦੀ ਹੈ, ਜਿਸ ਵਿੱਚ ਕਿ ਕਦੇ ਛੁੱਟੀ ਹੁੰਦੀ ਹੀ ਨਹੀਂ। ਪਤਨੀ ਦੀ ਵੀ ਇਹੀ ਹਾਲਤ ਹੁੰਦੀ ਹੈ।
ਭਰਾ ਆਪਣੀ ਭੈਣ ਨੂੰ ਝਿੜਕਣਾ ਆਪਣਾ ਹੱਕ ਸਮਝਦੇ ਆ ਭਾਵੇਂ ਉਹ ਉਮਰ ਦਾ ਛੋਟਾ ਹੋਵੇ ਜਾਂ ਵੱਡਾ। ਕਿਹਾ ਜਾਂਦਾ ਹੈ ਕਿ 'ਮੇਰੀ ਮੁੱਛ ਦਾ ਖਿਆਲ ਰੱਖਣਾ' ਮੁੱਛ ਦਾ ਖਿਆਲ ਦਾ ਤਾਂ ਇਸ ਤਰ੍ਹਾਂ ਕਿਹਾ ਜਾਂਦਾ ਹੈ ਜਿਵੇਂ ਕਿ ਭਰਾ ਨੇ ਉਸ ਨੂੰ ਖਿਆਲ ਲਈ ਕੋਈ ਠੇਕਾ ਦਿੱਤਾ ਹੋਵੇ। ਔਰਤ ਨੂੰ 'ਇੱਜ਼ਤ' ਵਰਗੇ ਨਾਮਾਂ ਵਿੱਚ ਉਲਝਾ ਕੇ ਰੱਖ ਦਿੱਤਾ ਜਾਂਦਾ ਹੈ, ਔਰਤ ਦੀ ਇੱਜ਼ਤ ਸਿਰਫ਼ ਯੌਨੀ ਨੂੰ ਸਮਝ ਲਿਆ ਜਾਂਦਾ ਹੈ। ਜੇਕਰ ਉਸ ਨਾਲ ਰੇਪ ਹੋ ਜਾਂਦਾ ਹੈ ਤਾਂ ਇਸ ਵਿੱਚ ਵੀ ਉਸ ਦੀ ਹੀ ਗਲਤੀ ਮੰਨੀ ਜਾਂਦੀ ਹੈ।
ਉਪਰੋਕਤ ਸਵਾਲ ਸਾਡੇ ਸਮਾਜ ਨੂੰ ਵਿਚਾਰਣੇ ਚਾਹੀਦੇ ਹਨ, ਇਹ ਸਿਰਫ਼ ਇੱਕ ਦਿਨ ਹੀ ਨਹੀਂ ਬਲਕਿ ਵਾਰ ਵਾਰ, ਹਰ ਦਿਨ ਇਸ ਉਤੇ ਕੰਮ ਕਰਨਾ ਚਾਹੀਦਾ ਹੈ।ਅਸੀਂ ਇਹ ਗੱਲ ਸਾਫ਼ ਕਰਨਾ ਚਾਹੁੰਦੇ ਹਾਂ ਕਿ ਔਰਤ ਦੀ ਲੜਾਈ ਮਰਦ ਨਾਲ ਨਹੀਂ ਹੈ, ਔਰਤ ਦੀ ਲੜਾਈ ਘਟੀਆ ਸੋਚ ਨਾਲ ਹੈ ਜੋ ਕਿ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ।
ਅੱਜ ਔਰਤ ਦਿਵਸ ਉਤੇ ਸਾਡੇ ਮਰਦ ਦੋਸਤਾਂ ਨੂੰ ਵੀ ਇਸ ਚੀਜ਼ ਨੂੰ ਸਮਝਣਾ ਚਾਹੀਦਾ ਹੈ ਅਤੇ ਔਰਤ ਦੇ ਬਣਦੇ ਹੱਕਾਂ ਤੋਂ ਮੁਨਕਰ ਨਾ ਹੋਣ, ਬਲਕਿ ਉਸ ਨੂੰ ਹੌਂਸਲਾ ਦੇਣ।