ਉਤਰ ਪ੍ਰਦੇਸ਼/ ਬਰੇਲੀ: ਜ਼ਿਲੇ ਦੇ ਬਾਰਾਂਦਰੀ ਥਾਣਾ ਖੇਤਰ ਦੇ ਸੰਜੇ ਨਗਰ 'ਚ ਰਹਿਣ ਵਾਲੇ 9ਵੀਂ ਜਮਾਤ ਦੀ 14 ਸਾਲਾ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ। ਪਰਿਵਾਰ ਦਾ ਇਲਜ਼ਾਮ ਹੈ ਕਿ ਸਕੂਲ ਨੇ ਫੀਸ ਨਾ ਭਰਨ ਕਾਰਨ ਉਸ ਨੂੰ ਪ੍ਰੀਖਿਆ ਵਿਚ ਬੈਠਣ ਨਹੀਂ ਦਿੱਤਾ। ਇਸ ਗੱਲ ਤੋਂ ਉਹ ਬਹੁਤ ਚਿੰਤਤ ਸੀ। ਇਸ ਤੋਂ ਦੁਖੀ ਹੋ ਕੇ ਉਸ ਨੇ ਸ਼ੁੱਕਰਵਾਰ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਲਾਸ਼ ਦਾ ਪੰਚਨਾਮਾ ਭਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਬਰੇਲੀ ਦੇ ਬਾਰਾਦਰੀ ਥਾਣਾ ਖੇਤਰ ਦੇ ਸੰਜੇ ਨਗਰ 'ਚ ਰਹਿਣ ਵਾਲਾ ਅਸ਼ੋਕ ਗੰਗਵਾਰ ਆਟੋ ਰਿਕਸ਼ਾ ਚਾਲਕ ਹੈ। ਉਸਦਾ ਬੇਟਾ ਸ਼ਿਵਮ ਹਾਈ ਸਕੂਲ ਦੀ ਪ੍ਰੀਖਿਆ ਦੇ ਰਿਹਾ ਹੈ ਜਦੋਂ ਕਿ ਬੇਟੀ ਸਾਕਸ਼ੀ ਗੰਗਵਾਰ 9ਵੀਂ ਜਮਾਤ ਦੀ ਵਿਦਿਆਰਥਣ ਸੀ। ਅਸ਼ੋਕ ਗੰਗਵਾਰ ਅਨੁਸਾਰ ਦੋਵੇਂ ਬੱਚੇ ਨੇੜਲੇ ਕਾਲਜ ਵਿੱਚ ਪੜ੍ਹਦੇ ਸਨ। ਉਸ ਨੇ ਦੋਸ਼ ਲਾਇਆ ਕਿ ਬੇਟੀ ਦੀ ਫੀਸ ਦੇ ਕਰੀਬ 20 ਹਜ਼ਾਰ ਰੁਪਏ ਬਕਾਇਆ ਸਨ। ਉਨ੍ਹਾਂ ਸਕੂਲ ਮੈਨੇਜਮੈਂਟ ਤੋਂ ਮੰਗ ਕੀਤੀ ਸੀ ਕਿ ਇਸ ਵਾਰ ਬੇਟੀ ਨੂੰ ਇਮਤਿਹਾਨ 'ਚ ਬੈਠਣ ਦਿੱਤਾ ਜਾਵੇ, ਭਾਵੇਂ ਉਸ ਨੂੰ ਨਵੇਂ ਸੈਸ਼ਨ ਤੋਂ ਦਾਖਲਾ ਨਾ ਦਿੱਤਾ ਜਾਵੇ।
ਫੀਸ ਨਾ ਭਰਨ ਕਾਰਨ ਸਕੂਲ ਮੈਨੇਜਮੈਂਟ ਨੇ ਉਸ ਦੀ ਬੇਟੀ ਸਾਕਸ਼ੀ ਨੂੰ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ। ਪਹਿਲੀ ਪ੍ਰੀਖਿਆ 'ਚ ਉਸ ਦੇ ਕਹਿਣ 'ਤੇ ਸਕੂਲ ਮੈਨੇਜਮੈਂਟ ਨੇ ਬੇਟੀ ਨੂੰ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਸੀ ਪਰ ਉਸ ਤੋਂ ਬਾਅਦ ਉਸ ਨੂੰ ਅਗਲੀ ਪ੍ਰੀਖਿਆ 'ਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇੰਨਾ ਹੀ ਨਹੀਂ ਅਸ਼ੋਕ ਗੰਗਵਾਰ ਦਾ ਦੋਸ਼ ਹੈ ਕਿ ਬੇਟੀ ਸਾਕਸ਼ੀ ਦਾ ਸ਼ੁੱਕਰਵਾਰ ਨੂੰ ਇਮਤਿਹਾਨ ਸੀ ਅਤੇ ਉਹ ਪ੍ਰੀਖਿਆ ਦੇਣਾ ਚਾਹੁੰਦੀ ਸੀ ਪਰ ਪੈਸੇ ਦੀ ਕਮੀ ਕਾਰਨ ਉਹ ਇਸ 'ਚ ਸ਼ਾਮਲ ਨਹੀਂ ਹੋ ਸਕੀ। ਇਸ ਤੋਂ ਦੁਖੀ ਹੋ ਕੇ ਉਸ ਨੇ ਆਪਣੀ ਜਾਨ ਦੇ ਦਿੱਤੀ।
ਦੂਜੇ ਪਾਸੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਨੇਜਰ ਮੰਗਲਾ ਪ੍ਰਸਾਦ ਅਵਸਥੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰੀਖਿਆ ਦੇਣ ਤੋਂ ਰੋਕਣ ਦਾ ਇਲਜ਼ਾਮ ਗਲਤ ਹੈ। ਅਸੀਂ ਕਿਸੇ ਨੂੰ ਪ੍ਰੀਖਿਆ ਦੇਣ ਤੋਂ ਨਹੀਂ ਰੋਕਿਆ। ਸਾਕਸ਼ੀ ਗੰਗਵਾਰ ਅਤੇ ਉਸਦਾ ਭਰਾ ਉਨ੍ਹਾਂ ਦੇ ਸਕੂਲ ਵਿੱਚ ਪੜ੍ਹਦੇ ਹਨ। ਦੋਵਾਂ ਲਈ ਫੀਸ ਜਮ੍ਹਾ ਨਹੀਂ ਕੀਤੀ ਜਾਂਦੀ। ਕਾਫੀ ਸਮੇਂ ਤੋਂ ਫੀਸ ਜਮ੍ਹਾ ਨਹੀਂ ਕਰਵਾਈ ਗਈ। ਫਿਰ ਵੀ ਉਨ੍ਹਾਂ ਨੂੰ ਸਾਡੇ ਵੱਲੋਂ ਪ੍ਰੀਖਿਆ ਦੇਣ ਤੋਂ ਨਹੀਂ ਰੋਕਿਆ ਗਿਆ। ਦੂਜੇ ਪਾਸੇ ਥਾਣਾ ਸਿਟੀ ਦੇ ਐਸ.ਪੀ ਰਾਹੁਲ ਭਾਟੀ ਨੇ ਦੱਸਿਆ ਕਿ 9ਵੀਂ ਜਮਾਤ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਲਾਸ਼ ਦਾ ਪੰਚਨਾਮਾ ਭਰ ਕੇ ਪੋਸਟਮਾਰਟਮ ਲਈ ਭੇਜ ਰਹੀ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:- KARNATAKA HIJAB: ਕਰਨਾਟਕ 'ਚ ਹਿਜਾਬ ਪਹਿਨਣ ਦੀ ਇਜਾਜ਼ਤ 'ਤੇ ਪਟੀਸ਼ਨ 'ਤੇ ਸੁਣਵਾਈ ਲਈ ਬਣਾਏਗੀ ਬੈਂਚ