ਅੰਬਾਲਾ: ਦੇਸ਼ 'ਚ ਕਿਸਾਨ ਅੰਦੋਲਨ ਦੀ ਚਰਚਾ ਹਰ ਇਕ ਦੀ ਜ਼ੁਬਾਨ 'ਤੇ ਹੈ, ਕਿਸਾਨ ਸ਼ਹਿਰ ਸ਼ਹਿਰ ਧਰਨੇ ਦੇ ਰਹੇ ਹਨ। ਇਸੇ ਦੇ ਚਲਦੇ ਅੰਬਾਲਾ 'ਚ ਵੀ ਕਿਸਾਨ ਧਰਨਾ ਦੇ ਰਹੇ ਹਨ। ਜਿਥੇ ਇੱਕ 8 ਸਾਲਾ ਰਣਵਿਜੇ ਨਾਂ ਦਾ ਬੱਚਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਬੱਚੇ ਦੀ ਅੰਗਰੇਜ਼ੀ ਚੰਗੇ ਚੰਗੇ ਪ੍ਰੋਫ਼ੈਸਰਾਂ ਨੂੰ ਵੀ ਹੈਰਾਨ ਕਰ ਦੇਵੇਗੀ। ਅੱਜ ਰਣਵਿਜੇ ਅੰਬਾਲਾ ਦੇ ਸੰਭੂ ਬਾਰਡਰ 'ਤੇ ਕਿਸਾਨ ਧਰਨਾ ਦਾ ਹਿੱਸਾ ਬਣਨ ਪਹੁੰਚਿਆ ਸੀ। ਇਸ ਦੌਰਾਨ ਉਥੇ ਮੌਜੂਦ ਹਰ ਸ਼ਖ਼ਸ ਉਸ ਦੀ ਅੰਗਰੇਜ਼ੀ ਦੇ ਦੀਵਾਨਾ ਹੋ ਗਿਆ।
ਇਥੇ ਦੱਸਦਈਏ ਕਿ ਰਣਵਿਜੇ ਕਦੇ ਸਕੂਲ ਨਹੀਂ ਗਿਆ। ਉਹ ਪੜ੍ਹਾਈ-ਲਿਖਾਈ ਘਰੇ ਕਰਦਾ ਹੈ। ਰਣਵਿਜੇ ਅੰਬਾਲਾ ਦੇ ਪੰਜੋਖਰਾ ਪਿੰਡ ਦਾ ਰਹਿਣ ਵਾਲਾ ਹੈ। ਇਹੀ ਨਹੀਂ ਰਣਵਿਜੇ ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਸਿਖਾਉਂਦਾ ਹੈ। ਰਣਵਿਜੇ ਟਿਊਸ਼ਨ ਜ਼ਰੀਏ ਮਹੀਨੇ 20 ਹਜ਼ਾਰ ਰੁਪਏ ਤਕ ਕਮਾ ਲੈਂਦਾ ਹੈ। ਇਸ ਮੌਕੇ ਰਣਵਿਜੇ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦਾ ਸਾਥ ਦੇਣ ਪਹੁੰਚਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲਵੋ।
ਰਣਵਿਜੇ ਦੇ ਪਿਤਾ ਹਰਦੀਪ ਸਿੰਘ ਨੇ ਦੱਸਿਆ ਕਿ ਰਣਵਿਜੇ ਨੂੰ ਛੋਟੇ ਹੁੰਦਿਆ ਪਲੇਵੇ 'ਚ ਪਾਇਆ ਸੀ ਪਰ ਅਧਿਆਪਕ ਦੀ ਝਿੜਕ ਤੋਂ ਡਰਦਾ ਹੋਇਆ ਸਕੂਲ ਜਾਣ ਤੋਂ ਕਤਰਾਉਣ ਲੱਗਾ। ਜਿਸ ਤੋਂ ਬਾਅਦ ਉਨ੍ਹਾਂ ਖ਼ੁਦ ਘਰੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਰਣਵਿਜੇ ਕਦੇ ਸਕੂਲ ਨਹੀਂ ਗਿਆ ਪਰ ਅੱਜ ਪਿੰਡ ਦੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ।