ਹੈਦਰਾਬਾਦ: ਮਸ਼ਹੂਰ ਕਮੇਡੀਅਨ ਰਹਿ ਚੁੱਕੇ ਭਗਵੰਤ ਮਾਨ ਦੀ ਅਗਵਾਈ ਵਿੱਚ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਚੰਨੀ ਵੀ ਆਮ ਆਦਮੀ ਪਾਰਟੀ ਨਾਲ ਰੇਸ ਵਿੱਚ ਹਾਰ ਗਏ। ਸੋ ਹੁਣ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਭਗਵੰਤ ਮਾਨ, ਜੋ ਕਦੇ ਲੋਕਾਂ ਨੂੰ ਜੁਗਨੂੰ ਬਣ ਚੁਟਕਲੇ ਸੁਣਾ ਕੇ ਹਸਾਉਂਦੇ ਸੀ। ਹੁਣ ਉਹ ਮਾਨ ਬਣ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਹੋਏ, ਪੰਜਾਬੀਆਂ ਲਈ ਮਾਨ ਸਾਬਿਤ ਹੋਣਗੇ। ਅਜਿਹੀ ਹੀ ਉਮੀਦ ਪੰਜਾਬ ਦੇ ਲੋਕਾਂ ਨੂੰ ਹੈ।
ਭਗਵੰਤ ਮਾਨ ਨੇ ਬਤੌਰ AAP ਉਮੀਦਵਾਰ ਪੰਜਾਬ ਦੇ ਸੰਗਰੂਰ ਵਿਧਾਨਸਭਾ ਦੀ ਹਾਟ ਸੀਟ ਧੁਰੀ ਤੋਂ ਚੋਣ ਲੜੀ, ਜਿੱਥੋ ਉਹ ਸ਼ੁਰੂਆਤੀ ਰੂਝਾਨ ਵਿੱਚ ਹੀ ਅੱਗੇ ਚੱਲ ਰਹੇ ਸੀ। ਧੂਰੀ ਸੰਗਰੂਰ ਜ਼ਿਲ੍ਹੇ ਦੀ ਹੌਟ ਸੀਟ ਹੈ। ਇਸ ਸੀਟ ਉੱਤੇ ਭਗਵੰਤ ਮਾਨ ਦਾ ਮੁਕਾਬਲ ਕਾਂਗਰਸ ਦੇ ਵਿਧਾਇਕ ਦਲਬੀਰ ਗੋਲਡੀ ਨਾਲ ਰਿਹਾ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਰੀਬ ਇੱਕ ਹਫ਼ਤਾ ਪਹਿਲਾਂ 'ਆਪ' ਦੀ ਤਰਫ਼ੋਂ ਇੱਕ ਨੰਬਰ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਕੇਜਰੀਵਾਲ ਦੇ ਇਸ ਵਿਚਾਰ ਨੂੰ ਪੰਜਾਬ ਦੇ 21 ਲੱਖ ਤੋਂ ਵੱਧ ਲੋਕਾਂ ਨੇ ਪ੍ਰਵਾਨ ਕੀਤਾ। ਇਸ ਚੋਣ ਦੇ ਆਧਾਰ 'ਤੇ 18 ਜਨਵਰੀ ਨੂੰ 'ਆਪ' ਨੇ ਭਗਵੰਤ ਮਾਨ ਦੇ ਨਾਂ ਦਾ ਐਲਾਨ ਕੀਤਾ ਸੀ।
ਜੇਕਰ ਗੱਲ ਕਰੀਏ ਭਗਵੰਤ ਮਾਨ ਦੇ ਕਾਮੇਡੀਅਨ ਤੋਂ ਲੈ ਕੇ ਸਿਆਸਤੀ ਸਫ਼ਰ ਦੀ ਤਾਂ, ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਭਗਵੰਤ ਮਾਨ ਕਾਮਰਸ ਵਿੱਚ ਗ੍ਰੇਜੂਏਟ ਹਨ। ਫਿਰ ਉਤਰੇ ਕਾਮੇਡੀ ਦੀ ਦੁਨੀਆ ਵਿੱਚ, ਭਗਵੰਤ ਮਾਨ ਪੰਜਾਬ ਦੇ ਮਸ਼ਹੂਰ ਕਾਮੇਡੀਅਨ ਰਹਿ ਚੁੱਕੇ ਹਨ। ਮਾਨ ਕੌਮੀ ਪੁਰਸਕਾਰ ਜੇਤੂ ਫਿਲਮ 'ਮੈ ਮਾਂ ਪੰਜਾਬ ਦੀ' ਵਿੱਚ ਅਦਾਕਾਰੀ ਕਰਦੇ ਹੋਏ ਵੀ ਵੇਖਿਆ ਗਿਆ।
ਭਗਵੰਤ ਮਾਨ ਦਾ ਵਿਆਹ ਇੰਦਰਪ੍ਰੀਤ ਕੌਰ ਨਾਲ ਹੋਇਆ, ਉਨ੍ਹਾਂ ਦੇ 2 ਬੱਚੇ ਹਨ, ਪਰ 2015 ਤੋਂ ਭਗਵੰਤ ਮਾਨ ਆਪਣੀ ਪਤਨੀ ਤੋਂ ਵੱਖ ਰਹਿ ਰਹੇ ਹਨ।
ਸਿਆਸੀ ਕਰੀਅਰ ਦੀ ਗੱਲ ਕਰੀਏ ਤਾਂ, ਉਨ੍ਹਾਂ ਨੇ ਸਾਲ 2011 ਵਿੱਚ ਇਸ ਖੇਤਰ ਵਿੱਚ ਕਦਮ ਰੱਖਿਆ ਸੀ। ਉਹ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ‘ਪੰਜਾਬ ਪੀਪਲਜ਼ ਪਾਰਟੀ’ ਤੋਂ ਸਿਆਸਤ ਵਿੱਚ ਸ਼ਾਮਲ ਹੋਏ। ਇਸ ਦੇ ਨਾਲ ਹੀ ਅਗਲੇ ਸਾਲ 2012 ਵਿੱਚ ਉਨ੍ਹਾਂ ਨੂੰ ਸੂਬੇ ਦੀ ਲਹਿਰਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦਾ ਸੁਭਾਗ ਪ੍ਰਾਪਤ ਹੋਇਆ ਸੀ ਪਰ ਮਾਨ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ।
ਇਸ ਤੋਂ ਬਾਅਦ ਮਾਨ ਨੂੰ ਕਾਂਗਰਸ 'ਚ ਉਮੀਦ ਦੀ ਕਿਰਨ ਦਿਖਾਈ ਦਿੱਤੀ ਪਰ ਇੱਥੇ ਵੀ ਮਾਨ ਦਾ ਸਿੱਕਾ ਨਹੀਂ ਚੱਲ ਸਕਿਆ। ਇਸ ਤੋਂ ਬਾਅਦ ਸਾਲ 2014 ਵਿੱਚ ਮਾਨ ‘ਆਪ’ ਦੀ ਟੀਮ ਵਿੱਚ ਸ਼ਾਮਲ ਹੋਏ। ਮਾਨ ਨੇ 2014 ਦੀਆਂ ਚੋਣਾਂ ਸੰਗਰੂਰ ਲੋਕ ਸਭਾ ਸੀਟ ਤੋਂ 'ਆਪ' ਉਮੀਦਵਾਰ ਵਜੋਂ ਲੜੀਆਂ ਸਨ ਅਤੇ ਵੱਡੇ ਫਰਕ ਨਾਲ ਜਿੱਤੇ ਸਨ। ਮਾਨ ਇੱਥੇ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ ਸਨ।
ਸੋ ਹੁਣ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਦੀ ਤਸਵੀਰ ਬਦਲੇਗੀ, ਉੱਥੇ ਹੀ, ਬਦਲੇਗੀ ਪੰਜਾਬ ਦੀ ਕੈਬਨਿਟ ਦੀ ਵੀ ਤਸਵੀਰ ਬਦਲ ਜਾਵੇਗੀ। ਬੇਹਦ ਦਿਲਚਸਪ ਰਹੇਗਾ ਇਹ ਵੇਖਣਾ ਕਿ ਮਾਨ ਸਾਬ੍ਹ ਆਪਣੀ ਕੈਬਿਨੇਟ ਨਾਲ ਕਿਵੇਂ ਮਿਲ ਕੇ ਪੰਜਾਬ ਦੀ ਨੁਹਾਰ ਬਦਲਣਗੇ।
ਇਹ ਵੀ ਪੜ੍ਹੋ: 16 ਮਾਰਚ ਨੂੰ ਭਗਵੰਤ ਮਾਨ ਚੁੱਕਣਗੇ ਸਹੁੰ