ਲਖਨਊ: ਪ੍ਰਿਯੰਕਾ ਗਾਂਧੀ ਦਾ ਕਾਫਲਾ ਜੋ ਆਗਰਾ ਲਈ ਰਵਾਨਾ ਹੋਇਆ ਸੀ, ਉਨ੍ਹਾਂ ਨੂੰ ਲਖਨਊ ਵਿੱਚ ਰੋਕ ਦਿੱਤਾ ਗਿਆ। ਉਹ ਲਖਨਊ ਤੋਂ ਆਗਰਾ ਜਾ ਰਹੇ ਸਨ। ਪ੍ਰਿਯੰਕਾ ਗਾਂਧੀ ਦੇ ਕਾਫਲੇ ਨੂੰ ਰੋਕਣ ਲਈ ਸੜਕ ਤੇ ਇੱਕ ਟਰੱਕ ਲਗਾਇਆ ਗਿਆ ਸੀ। ਪ੍ਰਿਯੰਕਾ ਗਾਂਧੀ ਨੂੰ ਇਸ ਤਰੀਕੇ ਨਾਲ ਰੋਕਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਰਕਰ ਪੁਲਿਸ ਨਾਲ ਭਿੜਦੇ ਵੀ ਵਿਖਾਈ ਦਿੱਤੇ। ਇਸ ਤੋਂ ਬਾਅਦ ਪੁਲਿਸ ਨੇ ਪ੍ਰਿਯੰਕਾ ਗਾਂਧੀ ਨੂੰ ਹਿਰਾਸਤ ਵਿੱਚ ਲੈ ਲਿਆ।
ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਲਖਨਊ ਤੋਂ ਆਗਰਾ ਲਈ ਰਵਾਨਾ ਹੋਏ, ਜਿਵੇਂ ਹੀ ਉਹ ਆਗਰਾ ਐਕਸਪ੍ਰੈਸਵੇਅ ‘ਤੇ ਪਹੁੰਚੀ, ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਤਾਇਨਾਤ ਪੁਲਿਸ ਬਲ ਨੇ ਰੋਕ ਦਿੱਤਾ। ਇਸਨੂੰ ਲੈਕੇ ਪ੍ਰਿਯੰਕਾ ਗਾਂਧੀ ਦੀ ਪੁਲਿਸ ਵਾਲਿਆਂ ਨਾਲ ਬਹਿਸ ਵੀ ਹੋਈ ਸੀ। ਜਦੋਂ ਕਾਂਗਰਸੀ ਵਰਕਰਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਹਲਕੇ ਬਲ ਦੀ ਵਰਤੋਂ ਕਰਦਿਆਂ ਹਟਾ ਦਿੱਤਾ। ਇਸ ਦੌਰਾਨ ਪ੍ਰਿਯੰਕਾ ਗਾਂਧੀ ਜਿੱਦ ਤੇ ਅੜੇ ਰਹੇ ਕਿ ਉਹ ਹਾਰ ਹਾਲ ਵਿੱਚ ਆਗਰਾ ਵਿੱਚ ਮ੍ਰਿਤਕ ਅਰੁਣ ਵਾਲਮੀਕਿ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰੇਗੀ ਤੇ ਪੁਲਿਸ ਉਨ੍ਹਾਂ ਨੂੰ ਰੋਕ ਨਹੀਂ ਸਕਦੀ। ਪੁਲਿਸ ਪ੍ਰਿਯੰਕਾ ਨੂੰ ਵਾਪਸ ਲਖਨਊ ਭੇਜਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਪਰ ਪ੍ਰਿਯੰਕਾ ਇਸ ਨੂੰ ਮੰਨਣ ਲਈ ਤਿਆਰ ਨਹੀਂ ਸਨ।
ਜਿਵੇਂ ਹੀ ਪੁਲਿਸ ਨੇ ਪ੍ਰਿਅੰਕਾ ਗਾਂਧੀ ਨੂੰ ਐਕਸਪ੍ਰੈਸਵੇਅ 'ਤੇ ਰੋਕਿਆ, ਸਾਰੇ ਵਰਕਰ ਸੜਕਾਂ 'ਤੇ ਬਾਹਰ ਆ ਗਏ। ਆਚਾਰਿਆ ਪ੍ਰਮੋਦ ਕ੍ਰਿਸ਼ਨਮ ਦੇ ਨਾਲ ਸੂਬਾ ਪ੍ਰਧਾਨ ਅਜੈ ਕੁਮਾਰ ਲੱਲੂ ਨੇ ਵੀ ਪੁਲਿਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਪ੍ਰਿਯੰਕਾ ਗਾਂਧੀ ਕਾਰ ਤੋਂ ਉਤਰ ਕੇ ਸੜਕ ਉੱਤੇ ਪੁਲਿਸ ਕਰਮਚਾਰੀਆਂ ਦੇ ਕੋਲ ਪਹੁੰਚੀ, ਜਿੱਥੇ ਪੁਲਿਸ ਲਗਾਤਾਰ ਪ੍ਰਿਯੰਕਾ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ।
ਇਸ ਮੌਕੇ ਪ੍ਰਿਯੰਕਾ ਗਾਂਧੀ ਨੇ ਯੋਗੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਖੁਦ ਪ੍ਰਸ਼ਾਸਨ ਹੀ ਕਾਰਨ ਜਾਣੇ ਕਿ ਉਨ੍ਹਾਂ ਨੇ ਉੱਥੇ ਕਿਉਂ ਰੋਕਿਆ ਹੈ। ਸ਼ਾਇਦ ਪ੍ਰਸ਼ਾਸਨ ਚਾਹੁੰਦਾ ਹੈ ਕਿ ਮੈਂ ਸਾਰਾ ਦਿਨ ਆਪਣੇ ਗੈਸਟ ਹਾਊਸ ਵਿੱਚ ਹੀ ਬੈਠੀ ਰਹਾਂ। ਮੈਨੂੰ ਸਿਰਫ ਕਾਂਗਰਸ ਦਫਤਰ ਜਾਣ ਦੀ ਇਜਾਜ਼ਤ ਹੈ। ਮੈਂ ਜਿੱਥੇ ਵੀ ਜਾਂਣ ਦੀ ਕੋਸ਼ਿਸ਼ ਕਰਦੀ ਹਾਂ ਉਸਨੂੰ ਰੋਕ ਦਿੱਤਾ ਜਾਂਦਾ ਹੈ।
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਪ੍ਰਮਾਤਮਾ ਜਾਣਦਾ ਹੈ ਕਿ ਇਹ ਲੋਕ ਤਮਾਸ਼ਾ ਕਿਉਂ ਕਰਨਾ ਚਾਹੁੰਦੇ ਹਨ, ਮੈਂ ਕਿਹਾ ਹੈ ਕਿ ਮੈਂ ਜਾਵਾਂਗੀ ਅਤੇ ਮੈਂ ਇੰਤਜ਼ਾਰ ਕਰਨ ਲਈ ਤਿਆਰ ਹਾਂ। ਹਰ ਵਾਰ ਉਹ ਕਹਿੰਦੇ ਹਨ ਕਿ ਧਾਰਾ 144 ਲਾਗੂ ਹੈ। ਇਹ ਕਾਨੂੰਨ ਵਿਵਸਥਾ ਦਾ ਮਾਮਲਾ ਹੈ। ਮੈਂ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਨਹੀਂ ਜਾ ਰਹੀ ਹਾਂ। ਹਜ਼ਾਰਾਂ ਲੋਕ ਉਥੇ ਬੈਠੇ ਹਨ, ਉਥੇ 144 ਲਾਗੂ ਨਹੀਂ ਹੈ।
ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਪ੍ਰਿਯੰਕਾ ਗਾਂਧੀ ਲਖੀਮਪੁਰ ਵਿੱਚ ਕਿਸਾਨਾਂ ਨੂੰ ਕਾਰ ਰਾਹੀਂ ਕੁਚਲਣ ਦੀ ਘਟਨਾ ਦੇ ਬਾਅਦ ਰਾਤ ਹੀ ਲਖਨਊ ਤੋਂ ਲਖਿਮਪੁਰ ਲਈ ਰਵਾਨਾ ਹੋਈ ਸੀ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਸੀਤਾਪੁਰ ਦੀ ਸਰਹੱਦ ਵਿੱਚ ਦਾਖਲ ਹੋ ਗਏ ਅਤੇ ਇੱਥੇ ਤਿੰਨ ਦਿਨ ਪੁਲਿਸ ਹਿਰਾਸਤ ਵਿੱਚ ਰਹੇ। ਅਖੀਰ ਪੁਲਿਸ ਨੂੰ ਪ੍ਰਿਯੰਕਾ ਨੂੰ ਲਖੀਮਪੁਰ ਵਿੱਚ ਕਿਸਾਨ ਪਰਿਵਾਰਾਂ ਨੂੰ ਮਿਲਣ ਦੀ ਇਜਾਜ਼ਤ ਦੇਣੀ ਪਈ।
ਇਹ ਵੀ ਪੜ੍ਹੋ:ਕੈਪਟਨ ਦੇ ਹੱਕ 'ਚ ਚਟਾਨ ਵਾਂਗ ਖੜ੍ਹੇ ਦੁਸ਼ਯੰਤ ਗੌਤਮ, ਆਖੀਆਂ ਵੱਡੀਆਂ ਗੱਲਾਂ