ਜਲੰਧਰ: ਪੰਜਾਬ ਵਿੱਚ ਚੋਣ ਜ਼ਾਬਤਾ ਲੱਗ ਚੁੱਕਿਆ ਹੈ, ਜਿਸ ਕਰਕੇ ਹਰ ਪਾਰਟੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀ ਹੈ, ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਵੱਲੋਂ ਵੀ ਜਲਦ ਹੀ ਪੰਜਾਬ ਵਿੱਚ ਸੀਟਾਂ ਦਾ ਐਲਾਨ ਕਰ ਦਿੱਤਾ ਜਾਏਗਾ।
ਉਨ੍ਹਾਂ ਕਿਹਾ ਕਿ ਹਾਈ ਕਮਾਨ ਵੱਲੋਂ ਇਸ ਸੰਬੰਧ ਵਿਚ ਰਿਕਾਰਡ ਮੰਗਵਾ ਲਿਆ ਗਿਆ ਹੈ। ਪਰਗਟ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਸਭ ਤੋਂ ਪਹਿਲੇ ਟਿਕਟਾਂ ਲਈ ਮੌਜੂਦਾ ਵਿਧਾਇਕਾਂ ਨੂੰ ਕੰਸੀਡਰ ਕੀਤਾ ਜਾਏਗਾ ਅਤੇ ਇਸ ਤੋਂ ਬਾਅਦ ਜਲਦ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਏਗਾ।
ਉਧਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਪਹਿਲੇ ਹੀ ਟਿਕਟਾਂ ਦੀ ਅਨਾਊਂਸਮੈਂਟ ਬਾਰੇ ਪਰਗਟ ਸਿੰਘ ਨੇ ਕਿਹਾ ਕਿ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ ਅਤੇ ਸਮਾਂ ਆਉਣ 'ਤੇ ਕਾਂਗਰਸ ਵੱਲੋਂ ਵੀ ਪੰਜਾਬ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਏਗਾ। ਜਿੱਥੋਂ ਤੱਕ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੀ ਗੱਲ ਹੈ ਜੋ ਲੋਕ ਜਲਦੀ ਸ਼ੁਰੂ ਕਰਦੇ ਹਨ, ਉਹ ਥੱਕ ਵੀ ਜਲਦੀ ਜਾਂਦੇ ਹਨ।
ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਉਪਰ ਪੰਜਾਬ ਸਰਕਾਰ ਤੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਉੱਠੇ ਸਵਾਲਾਂ ਦੇ ਪਰਗਟ ਸਿੰਘ ਨੇ ਕਿਹਾ ਕਿ ਇਸ ਗੱਲ ਦਾ ਅਫਸੋਸ ਹੈ ਕਿ ਪੰਜਾਬ ਪੁਲਿਸ 'ਤੇ ਇਹ ਇਲਜ਼ਾਮ ਲੱਗ ਰਹੇ ਹਨ ਪਰ ਉਧਰ ਦੂਸਰੇ ਪਾਸੇ ਇਸ ਗੱਲ ਨੂੰ ਵੀ ਨਹੀਂ ਝੁਠਲਾਇਆ ਜਾ ਸਕਦਾ ਕਿ ਬੀਜੇਪੀ ਏਦਾਂ ਦੀਆਂ ਹਰਕਤਾਂ ਪਹਿਲਾਂ ਵੀ ਕਰਦੀ ਰਹੀ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰਕਸ਼ਾ ਸੜਕ ਤੋਂ ਲੈ ਕੇ ਹਵਾਈ ਮਾਰਗਾਂ ਤਕ ਯਕੀਨੀ ਬਣਾਈ ਜਾਂਦੀ ਹੈ ਅਤੇ ਇਸ ਮਾਮਲੇ ਵਿੱਚ ਵੀ ਜੇ ਕੋਈ ਦੋਸ਼ੀ ਹੈ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਸਣੇ ਕਈ ਆਗੂ ਭਾਜਪਾ ਵਿੱਚ ਸ਼ਾਮਲ