ਚੰਡੀਗੜ੍ਹ: ਕੋਰੋਨਾ ਦਾ ਡੈਲਟਾ ਵੇਰੀਏਂਟ ਪਹਿਲੀ ਵਾਰ ਸਾਲ 2020 ਦੇ ਅੰਤ 'ਚ ਭਾਰਤ 'ਚ ਪਛਾਣਿਆ ਗਿਆ ਸੀ। ਹੁਣ ਇਹ ਵੇਰੀਏਂਟ ਖਾਸ ਤੌਰ 'ਤੇ ਤਣਾਅ ਦਾ ਕਾਰਨ ਬਣਿਆ ਹੋਇਆ ਹੈ ਤੇ ਘੱਟੋ-ਘੱਟ 111 ਦੇਸ਼ਾਂ 'ਚ ਫੈਲ ਗਿਆ ਹੈ। ਕੋਵਿਡ ਵਾਇਰਸ ਦਾ ਡੈਲਟਾ ਵੇਰੀਐਂਟ ਆਪਣੇ ਪੂਰਵਰਤੀ ਅਲਫਾ ਵੇਰੀਐਂਟ ਤੋਂ 40 ਤੋਂ 60 ਫੀਸਦ ਜ਼ਿਆਦਾ ਖਤਰਨਾਕ ਹੈ।
ਇਹ ਹੁਣ ਤਕ ਬ੍ਰਿਟੇਨ, ਅਮਰੀਕਾ, ਸਿੰਗਾਪੁਰ ਆਦਿ ਦੇਸ਼ਾਂ 'ਚ ਫੈਲ ਚੁੱਕਾ ਹੈ। ਕੋਵਿਡ-19 ਦੇ ਬੀ.1.617.2 ਨੂੰ ਡੈਲਟਾ ਵੇਰੀਏਂਟ ਕਿਹਾ ਜਾਂਦਾ ਹੈ। ਪਹਿਲੀ ਵਾਰ ਇਸ ਦੀ ਸ਼ਨਾਖਤ ਭਾਰਤ 'ਚ ਅਕਤੂਬਰ 2020 'ਚ ਕੀਤੀ ਗਈ। ਰਿਪੋਰਟਾਂ ਮੁਤਾਬਕ ਸਾਡੇ ਦੇਸ਼ 'ਚ ਦੂਜੀ ਲਹਿਰ ਲਈ ਇਹ ਮੁੱਖ ਰੂਪ ਨਾਲ ਜ਼ਿੰਮੇਵਾਰ ਹੈ।
ਨਵੇਂ ਕੋਵਿਡ ਦੇ 80 ਫੀਸਦ ਮਾਮਲੇ ਇਸੇ ਵੇਰੀਐਂਟ ਦੀ ਦੇਣ ਹਨ। ਇਹ ਮਹਾਰਾਸ਼ਟਰ 'ਚ ਉੱਭਰਿਆ ਤੇ ਉੱਥੋਂ ਘੁੰਮਦਾ ਹੋਇਆ ਪੱਛਮੀ ਸੂਬਿਆਂ ਤੋਂ ਹੁੰਦਾ ਹੋਇਆ ਉੱਤਰ ਵੱਲ ਵਧਿਆ। ਫਿਰ ਦੇਸ਼ ਦੇ ਮੱਧ ਹਿੱਸੇ 'ਚ ਤੇ ਪੂਰਬ-ਉੱਤਰ ਸੂਬਿਆਂ 'ਚ ਫੈਲ ਗਿਆ। ਡੈਲਟਾ ਪਲੱਸ ਵੇਰੀਏਂਟ ਹੁਣ ਤਕ 11 ਸੂਬਿਆਂ 'ਚ 55-60 ਮਾਮਲਿਆਂ 'ਚ ਦੇਖਿਆ ਗਿਆ ਹੈ। ਇਨ੍ਹਾਂ ਸੂਬਿਆਂ 'ਚ ਮਹਾਰਾਸ਼ਟਰ, ਤਾਮਿਲਨਾਡੂ, ਤੇ ਮੱਧ ਪ੍ਰਦੇਸ਼ ਸ਼ਾਮਲ ਹਨ।