ਮੁੰਬਈ : ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ, ਡੀ-ਕੰਪਨੀ ਨਾਲ ਜੁੜੇ ਮਾਮਲੇ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲ ਹੀ 'ਚ NIA ਨੇ ਦਾਊਦ ਇਬਰਾਹਿਮ ਦੇ ਸਹਿਯੋਗੀਆਂ ਨਾਲ ਜੁੜੇ 29 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। NIA ਨੇ ਸ਼ਹਿਰ ਦੇ ਪੱਛਮੀ ਉਪਨਗਰ ਤੋਂ ਗੈਂਗਸਟਰ ਛੋਟਾ ਸ਼ਕੀਲ ਦੇ ਦੋ ਸਾਥੀਆਂ ਨੂੰ ਭਗੌੜੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੁਆਰਾ ਨਿਯੰਤਰਿਤ ਅਪਰਾਧ ਸਿੰਡੀਕੇਟ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਵਿੱਤੀ ਲੈਣ-ਦੇਣ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਸ਼ੀਆਂ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਦੀ ਪਛਾਣ ਆਰਿਫ ਅਬੂਬਕਰ ਸ਼ੇਖ (59) ਅਤੇ ਸ਼ਬੀਰ ਅਬੂਬਕਰ ਸ਼ੇਖ (51) ਵਜੋਂ ਹੋਈ ਹੈ।
ਅਧਿਕਾਰੀ ਨੇ ਕਿਹਾ, "ਦੋਵਾਂ ਨੂੰ ਦਾਊਦ ਇਬਰਾਹਿਮ ਦੇ ਸਿੰਡੀਕੇਟ ਵਿਰੁੱਧ ਮਾਮਲਿਆਂ ਦੀ ਜਾਂਚ ਕਰ ਰਹੀ ਐਨਆਈਏ ਦੀ ਟੀਮ ਨੇ ਪੱਛਮੀ ਉਪਨਗਰ ਤੋਂ ਗ੍ਰਿਫਤਾਰ ਕੀਤਾ ਸੀ।" ਉਨ੍ਹਾਂ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਦੇ ਛੋਟਾ ਸ਼ਕੀਲ ਨਾਲ ਨਜ਼ਦੀਕੀ ਸਬੰਧ ਹਨ। ਸੂਤਰਾਂ ਨੇ ਦੱਸਿਆ ਕਿ ਹਾਲ ਹੀ 'ਚ ਮੁੰਬਈ ਅਤੇ ਠਾਣੇ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਦੌਰਾਨ NIA ਨੇ ਜਾਂਚ ਲਈ ਕਈ ਸ਼ੱਕੀ ਲੋਕਾਂ ਦਾ ਪਤਾ ਲਗਾਇਆ ਸੀ। ਆਰਿਫ਼ ਅਤੇ ਸ਼ਬੀਰ ਵੀ ਉਨ੍ਹਾਂ ਸ਼ੱਕੀਆਂ ਵਿੱਚੋਂ ਹਨ ਜਿਨ੍ਹਾਂ ਨੂੰ ਡੀ ਕੰਪਨੀ ਨਾਲ ਕਥਿਤ ਸਬੰਧਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ NIA ਦੀ ਟੀਮ ਨੇ ਪੁੱਛਗਿੱਛ ਦੌਰਾਨ ਪਾਇਆ ਕਿ ਆਰਿਫ ਅਤੇ ਸ਼ਬੀਰ ਦਾ ਛੋਟਾ ਸ਼ਕੀਲ ਨਾਲ ਕੋਈ ਲੈਣ-ਦੇਣ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਛੋਟਾ ਸ਼ਕੀਲ ਪਾਕਿਸਤਾਨ ਤੋਂ ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟ ਚਲਾਉਂਦਾ ਹੈ ਅਤੇ ਇੰਟਰਪੋਲ ਨੇ ਉਸ ਦੇ ਖਿਲਾਫ 'ਰੈੱਡ ਕਾਰਨਰ' ਨੋਟਿਸ ਜਾਰੀ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ਕੀਲ ਜਬਰੀ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅੱਤਵਾਦੀ ਕਾਰਵਾਈਆਂ 'ਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਦਿਨ ਵਿੱਚ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮਦਰੱਸਿਆਂ 'ਚ ਰਾਸ਼ਟਰੀ ਗੀਤ ਲਾਜ਼ਮੀ; ਮਦਰਸਾ ਬੋਰਡ ਨੇ ਫੈਸਲੇ ਦਾ ਕੀਤਾ ਸਵਾਗਤ
(PTI)