ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਜਿਸ ਤਰ੍ਹਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੂਰੀ ਦੁਨੀਆ ਬਦਲ ਗਈ ਸੀ, ਉਸੇ ਤਰ੍ਹਾਂ ਕੋਰੋਨਾ ਮਹਾਮਾਰੀ ਤੋਂ ਬਾਅਦ ਵੀ ਦੁਨੀਆ 'ਚ ਕਈ ਬਦਲਾਅ ਆਉਣ ਦੀ ਸੰਭਾਵਨਾ ਹੈ ਅਤੇ ਇਕ ਨਵੀਂ ਵਿਸ਼ਵ ਵਿਵਸਥਾ ਤਿਆਰ ਹੋ ਜਾਵੇਗੀ। ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਸਾਲ 2022-23 ਦੇ ਆਮ ਬਜਟ 'ਤੇ ਆਯੋਜਿਤ ਪ੍ਰੋਗਰਾਮ 'ਆਤਮ-ਨਿਰਭਰ ਆਰਥਿਕਤਾ' ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕੋਰੋਨਾ ਦਾ ਇਹ ਦੌਰ ਪੂਰੀ ਦੁਨੀਆ ਲਈ ਇਕ ਤਰ੍ਹਾਂ ਦੀ ਕ੍ਰਾਂਤੀਕਾਰੀ ਤਬਦੀਲੀ ਹੈ।
ਉਨ੍ਹਾਂ ਕਿਹਾ, 'ਅਸੀਂ ਜਿਸ ਦੁਨੀਆ ਨੂੰ ਅੱਗੇ ਦੇਖਣ ਜਾ ਰਹੇ ਹਾਂ, ਉਹੋ ਜਿਹੀ ਨਹੀਂ ਹੋਵੇਗੀ ਜਿਵੇਂ ਕਿ ਇਹ ਕੋਰੋਨਾ ਦੌਰ ਤੋਂ ਪਹਿਲਾਂ ਸੀ। ਜਿਸ ਤਰ੍ਹਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੂਰੀ ਦੁਨੀਆ ਬਦਲ ਗਈ ਸੀ, ਉਸੇ ਤਰ੍ਹਾਂ ਕੋਰੋਨਾ ਤੋਂ ਬਾਅਦ ਦੁਨੀਆ ਵਿਚ ਕਈ ਬਦਲਾਅ ਆਉਣ ਦੀ ਸੰਭਾਵਨਾ ਹੈ। ਇੱਕ ਨਵੀਂ ਵਿਸ਼ਵ ਵਿਵਸਥਾ ਦੀ ਸੰਭਾਵਨਾ ਹੈ। ਵੀਡੀਓ ਕਾਨਫਰੰਸ ਰਾਹੀਂ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਅਤੇ ਪਹਿਲਾਂ ਦੀਆਂ ਨੀਤੀਆਂ ਵਿੱਚ ਕੀਤੇ ਗਏ ਸੁਧਾਰਾਂ ਕਾਰਨ ਭਾਰਤੀ ਅਰਥਵਿਵਸਥਾ ਦਾ ਲਗਾਤਾਰ ਵਿਸਤਾਰ ਹੋ ਰਿਹਾ ਹੈ।
ਉਨ੍ਹਾਂ ਕਿਹਾ, 'ਸੱਤ-ਅੱਠ ਸਾਲ ਪਹਿਲਾਂ ਭਾਰਤ ਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) 1 ਲੱਖ 10 ਹਜ਼ਾਰ ਕਰੋੜ ਰੁਪਏ ਸੀ। ਅੱਜ ਭਾਰਤ ਦੀ ਅਰਥਵਿਵਸਥਾ 2 ਲੱਖ 30 ਹਜ਼ਾਰ ਕਰੋੜ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਭਾਰਤ ਲਈ ਨਵੇਂ ਮੌਕਿਆਂ ਲਈ ਅਤੇ ਨਵੇਂ ਸੰਕਲਪਾਂ ਦੀ ਪੂਰਤੀ ਲਈ ਨਵੇਂ ਸਿਰੇ ਤੋਂ ਤਿਆਰੀ ਕਰਨ ਦਾ ਹੈ। ਉਨ੍ਹਾਂ ਕਿਹਾ, 'ਇਹ ਬਹੁਤ ਜ਼ਰੂਰੀ ਹੈ ਕਿ ਭਾਰਤ ਆਤਮ-ਨਿਰਭਰ ਬਣੇ ਅਤੇ ਉਸ ਆਤਮ-ਨਿਰਭਰ ਭਾਰਤ ਦੀ ਨੀਂਹ 'ਤੇ ਆਧੁਨਿਕ ਭਾਰਤ ਦਾ ਨਿਰਮਾਣ ਕੀਤਾ ਜਾਵੇ।'
ਬਜਟ ਐਲਾਨਾਂ ਦੀਆਂ ਵੱਖ-ਵੱਖ ਵਿਵਸਥਾਵਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ ਅੱਜ ਦੇਸ਼ ਦੇ ਕਰੀਬ 9 ਕਰੋੜ ਪੇਂਡੂ ਘਰਾਂ ਤੱਕ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਵਿੱਚੋਂ 5 ਕਰੋੜ ਤੋਂ ਵੱਧ ਪਾਣੀ ਦੇ ਕੁਨੈਕਸ਼ਨ, ਜਲ ਜੀਵਨ ਮਿਸ਼ਨ ਤਹਿਤ ਪਿਛਲੇ 2 ਸਾਲ ਚ ਦਿੱਤੇ ਗਏ ਹਨ।
ਉਨ੍ਹਾਂ ਕਿਹਾ, 'ਹੁਣ ਬਜਟ ਵਿੱਚ ਐਲਾਨ ਕੀਤਾ ਗਿਆ ਹੈ ਕਿ ਇਸ ਸਾਲ ਲਗਭਗ 4 ਕਰੋੜ ਪੇਂਡੂ ਘਰਾਂ ਨੂੰ ਪਾਈਪ ਰਾਹੀਂ ਪਾਣੀ ਦੇ ਕੁਨੈਕਸ਼ਨ ਦਿੱਤੇ ਜਾਣਗੇ। ਇਸ 'ਤੇ 60 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਗਰੀਬਾਂ ਨੂੰ ਬੁਨਿਆਦੀ ਸਹੂਲਤਾਂ ਮਿਲਦੀਆਂ ਹਨ ਤਾਂ ਉਹ ਆਪਣੀ ਊਰਜਾ ਆਪਣੇ ਵਿਕਾਸ, ਦੇਸ਼ ਦੇ ਵਿਕਾਸ ਵਿੱਚ ਖਰਚ ਕਰਦੇ ਹਨ। ਉਨ੍ਹਾਂ ਕਿਹਾ, 'ਇਸ ਬਜਟ ਦਾ ਧਿਆਨ ਗਰੀਬਾਂ, ਮੱਧ ਵਰਗ ਅਤੇ ਨੌਜਵਾਨਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਆਮਦਨ ਦੇ ਸਥਾਈ ਹੱਲ ਨਾਲ ਜੋੜਨ 'ਤੇ ਵੀ ਹੈ।
ਕੇਨ-ਬੇਤਵਾ ਨਦੀ ਜੋੜਨ ਦੀ ਯੋਜਨਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਬਜਟ 'ਚ ਇਸ ਲਈ ਹਜ਼ਾਰਾਂ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ ਅਤੇ ਇਸ ਨਾਲ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਬੁੰਦੇਲਖੰਡ ਖੇਤਰ ਦੀ ਤਸਵੀਰ ਵੀ ਬਦਲ ਜਾਵੇਗੀ। ਉਨ੍ਹਾਂ ਕਿਹਾ, 'ਹੁਣ ਬੁੰਦੇਲਖੰਡ ਦੇ ਖੇਤਾਂ 'ਚ ਹੋਰ ਹਰਿਆਲੀ ਆਵੇਗੀ, ਘਰਾਂ 'ਚ ਪੀਣ ਵਾਲਾ ਪਾਣੀ ਆ ਜਾਵੇਗਾ, ਖੇਤੀ ਲਈ ਖੇਤਾਂ 'ਚ ਪਾਣੀ ਆਵੇਗਾ |'
ਇਹ ਵੀ ਪੜੋ: ਅੱਜ ਤੋਂ ਦੋਵਾਂ ਸਦਨਾਂ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਹੋਵੇਗੀ ਚਰਚਾ, ਰਾਹੁਲ ਦੇ ਹੱਥਾਂ 'ਚ ਵਿਰੋਧੀ ਧਿਰ ਦੀ ਕਮਾਨ