ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਐਤਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਵਿੱਚ ਮੱਧਕਾਲੀ ਚੋਣਾਂ ਦੀ ਸੰਭਾਵਨਾ ਹੈ ਕਿਉਂਕਿ ਬਾਗ਼ੀ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਰਾਜ ਸਰਕਾਰ ਅਗਲੇ ਛੇ ਮਹੀਨਿਆਂ ਵਿੱਚ ਡਿੱਗ ਸਕਦੀ ਹੈ। ਪਵਾਰ ਨੇ ਐਤਵਾਰ ਸ਼ਾਮ ਇੱਥੇ ਐਨਸੀਪੀ ਵਿਧਾਇਕਾਂ ਅਤੇ ਪਾਰਟੀ ਦੇ ਹੋਰ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।
ਮੀਟਿੰਗ ਵਿੱਚ ਸ਼ਾਮਲ ਹੋਏ ਇੱਕ ਐਨਸੀਪੀ ਆਗੂ ਨੇ ਪਵਾਰ ਦੇ ਹਵਾਲੇ ਨਾਲ ਕਿਹਾ, "ਮਹਾਰਾਸ਼ਟਰ ਵਿੱਚ ਨਵੀਂ ਬਣੀ ਸਰਕਾਰ ਅਗਲੇ ਛੇ ਮਹੀਨਿਆਂ ਵਿੱਚ ਡਿੱਗ ਸਕਦੀ ਹੈ, ਇਸ ਲਈ ਸਾਰਿਆਂ ਨੂੰ ਮੱਧਕਾਲੀ ਚੋਣਾਂ ਲਈ ਤਿਆਰ ਰਹਿਣਾ ਚਾਹੀਦਾ ਹੈ।"
ਪਵਾਰ ਨੇ ਕਿਹਾ ਹੈ ਕਿ ਸ਼ਿੰਦੇ ਦਾ ਸਮਰਥਨ ਕਰਨ ਵਾਲੇ ਬਹੁਤ ਸਾਰੇ ਬਾਗੀ ਵਿਧਾਇਕ ਮੌਜੂਦਾ ਪ੍ਰਣਾਲੀ ਤੋਂ ਖੁਸ਼ ਨਹੀਂ ਹਨ। ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਤੋਂ ਬਾਅਦ ਉਨ੍ਹਾਂ ਦੀ ਅਸੰਤੁਸ਼ਟੀ ਸਾਹਮਣੇ ਆ ਜਾਵੇਗੀ, ਜਿਸ ਦਾ ਨਤੀਜਾ ਆਖ਼ਰਕਾਰ ਸਰਕਾਰ ਦੇ ਪਤਨ ਵਿੱਚ ਹੋਵੇਗਾ। ਮੀਟਿੰਗ ਵਿੱਚ ਸ਼ਾਮਲ ਹੋਏ ਆਗੂ ਨੇ ਇਹ ਵੀ ਕਿਹਾ ਕਿ ਪਾਰਟੀ ਪ੍ਰਧਾਨ ਨੇ ਐਨਸੀਪੀ ਵਿਧਾਇਕਾਂ ਨੂੰ ਆਪੋ-ਆਪਣੇ ਹਲਕਿਆਂ ਵਿੱਚ ਵੱਧ ਤੋਂ ਵੱਧ ਸਮਾਂ ਬਿਤਾਉਣ ਲਈ ਕਿਹਾ ਹੈ।
ਦੱਸ ਦੇਈਏ ਕਿ ਸ਼ਿਵ ਸੈਨਾ ਵਿਧਾਇਕ ਏਕਨਾਥ ਸ਼ਿੰਦੇ ਦੀ 10 ਦਿਨਾਂ ਦੀ ਬਗਾਵਤ ਤੋਂ ਬਾਅਦ ਸੱਤਾ ਵਿੱਚ ਆਈ ਨਵੀਂ ਮਹਾਰਾਸ਼ਟਰ ਸਰਕਾਰ ਨੂੰ ਅੱਜ ਫਲੋਰ ਟੈਸਟ ਦਾ ਸਾਹਮਣਾ ਕਰਨਾ ਪਵੇਗਾ। ਸੂਬਾ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਇਸ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸ਼ਿਵ ਸੈਨਾ ਵਿਧਾਇਕਾਂ ਦੇ ਆਪਣੇ ਧੜੇ ਦੇ ਨਾਲ ਫਲੋਰ ਟੈਸਟ ਦੀ ਰਣਨੀਤੀ ਬਣਾਉਣ ਲਈ ਮੁੰਬਈ ਦੇ ਇੱਕ ਹੋਟਲ ਵਿੱਚ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਭਾਜਪਾ ਵਿਧਾਇਕਾਂ ਅਤੇ ਪਾਰਟੀ ਦੇ ਹੋਰ ਨੇਤਾਵਾਂ ਨਾਲ ਮੀਟਿੰਗ ਕੀਤੀ। (ਪੀਟੀਆਈ-ਭਾਸ਼ਾ)
ਇਹ ਵੀ ਪੜ੍ਹੋ: ਸਕੂਲ 'ਚ ਚੋਰਾਂ ਨੇ ਚੋਰੀ ਕਰ ਕੇ ਬਲੈਕਬੋਰਡ 'ਤੇ ਲਿਖਿਆ- "Dhoom-4, ਅਸੀ ਫੇਰ ਆਵਾਂਗੇ"