ਮੁੰਬਈ: ਮਹਾਰਾਸ਼ਟਰ 'ਚ ਲਾਲਬਾਗ ਦੇ ਪੇਰੂ ਕੰਪਾਊਂਡ ਇਲਾਕੇ 'ਚ ਸਥਿਤ ਇਬਰਾਹਿਮ ਕਾਸਕਰ ਚਲੀ 'ਚ ਮੁੰਬਈ ਦੀ ਇਕ ਔਰਤ ਦੀ ਲਾਸ਼ ਟੁਕੜੇ-ਟੁਕੜੇ ਹੋਏ ਮਿਲੀ। ਇਸ ਮਾਮਲੇ 'ਚ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ 55 ਸਾਲਾ ਔਰਤ ਵੀਨਾ ਜੈਨ ਦਾ ਉਸ ਦੀ ਹੀ ਧੀ ਨੇ ਕਤਲ ਕਰਕੇ ਲਾਸ਼ ਦੇ ਪੰਜ ਟੁਕੜੇ ਕਰ ਦਿੱਤੇ ਸਨ। ਪੁਲਿਸ ਅੰਦਾਜ਼ਾ ਲਗਾ ਰਹੀ ਹੈ ਕਿ ਔਰਤ ਦਾ ਕਤਲ ਕਰੀਬ ਦੋ-ਤਿੰਨ ਮਹੀਨੇ ਪਹਿਲਾਂ ਹੋਇਆ ਸੀ। ਮੁਲਜ਼ਮ ਲੜਕੀ ਦੀ ਪਛਾਣ 23 ਸਾਲਾ ਰਿੰਪਲ ਜੈਨ ਵਜੋਂ ਹੋਈ ਹੈ ਅਤੇ ਪੁਲਿਸ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਧੀ ਨੇ ਪਹਿਲਾਂ ਮਾਂ ਦਾ ਕਤਲ ਕੀਤਾ ਅਤੇ ਫਿਰ ਤੇਜ਼ਧਾਰ ਹਥਿਆਰ ਨਾਲ ਉਸਦੇ ਹੱਥ-ਪੈਰ ਵੱਢ ਦਿੱਤੇ। ਜਾਂਚ ਦੌਰਾਨ ਪੁਲਿਸ ਨੂੰ ਚਲੀ ਦੇ ਇੱਕ ਘਰ ਵਿੱਚੋਂ ਕਤਲ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਹੋਇਆ। ਮੁਲਜ਼ਮ ਬੇਟੀ ਨੇ ਦੋਵੇਂ ਹੱਥ-ਪੈਰ ਪਾਣੀ ਦੀ ਟੈਂਕੀ 'ਚ ਲੁਕੋ ਦਿੱਤੇ ਸਨ। ਪੁਲਿਸ ਨੇ ਦੱਸਿਆ ਕਿ ਲਾਸ਼ ਦਾ ਦੂਜਾ ਹਿੱਸਾ ਅਲਮਾਰੀ ਵਿੱਚ ਰੱਖਿਆ ਹੋਇਆ ਸੀ। ਘਟਨਾ ਦੇ ਖੁਲਾਸੇ ਨਾਲ ਲਾਲਬਾਗ ਇਲਾਕੇ 'ਚ ਸਨਸਨੀ ਫੈਲ ਗਈ।
ਪੁਲਿਸ ਇਸ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਰਿੰਪਲ ਦੇ ਨਾਲ ਇਸ ਕਤਲ ਵਿੱਚ ਕੋਈ ਹੋਰ ਸ਼ਾਮਲ ਸੀ। ਇਸ ਮਾਮਲੇ 'ਚ ਪੁਲਿਸ ਡਿਪਟੀ ਕਮਿਸ਼ਨਰ ਪ੍ਰਵੀਨ ਮੁੰਡੇ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਮੁਲਜ਼ਮ ਲੜਕੀ ਰਿੰਪਲ ਜੈਨ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ, ਜਿਸ ਤੋਂ ਬਾਅਦ ਉਸ ਨੇ ਕਾਲਜ ਛੱਡ ਦਿੱਤਾ। ਉਸਦੇ ਚਾਰ ਚਾਚੇ ਅਤੇ ਤਿੰਨ ਮਾਸੀ ਹਨ। ਉਸ ਦੇ ਪਿਤਾ ਜ਼ਿੰਦਾ ਨਹੀਂ ਹਨ ਅਤੇ ਰਿੰਪਲ ਆਪਣੀ ਮਾਂ ਨਾਲ ਰਹਿੰਦੀ ਸੀ।
ਉਨ੍ਹਾਂ ਦੱਸਿਆ ਕਿ ਖਾਸ ਗੱਲ ਇਹ ਹੈ ਕਿ ਲਾਸ਼ ਦੇ ਟੁਕੜੇ-ਟੁਕੜੇ ਕਰਨ ਤੋਂ ਬਾਅਦ ਵੀ ਰਿੰਪਲ ਪਿਛਲੇ ਦੋ ਮਹੀਨਿਆਂ ਤੋਂ ਉਸੇ ਘਰ 'ਚ ਇਕੱਲੀ ਰਹਿ ਰਹੀ ਸੀ। ਬੀਤੀ ਰਾਤ ਕਰੀਬ ਅੱਠ ਵਜੇ ਰਿੰਪਲ ਦੇ ਮਾਮਾ ਅਤੇ ਰਿੰਪਲ ਕਾਲਾਚੌਕੀ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਉਣ ਪੁੱਜੇ ਸਨ। ਇਸ ਤੋਂ ਬਾਅਦ ਪੁਲਿਸ ਨੇ ਆਪਣੀ ਟੀਮ ਇਬਰਾਹਿਮ ਕਾਸਕਰ ਚਲੀ ਨੂੰ ਘਰ ਦੀ ਤਲਾਸ਼ੀ ਲਈ ਭੇਜੀ। ਜਦੋਂ ਪੁਲਿਸ ਘਰ ਪਹੁੰਚੀ ਤਾਂ ਉਨ੍ਹਾਂ ਨੂੰ ਘਰ 'ਚੋਂ ਬਦਬੂ ਆਈ, ਜਾਂਚ ਕਰਨ 'ਤੇ ਉਥੋਂ ਔਰਤ ਦੀ ਲਾਸ਼ ਦੇ ਟੁਕੜੇ ਮਿਲੇ।
ਪੁਲਿਸ ਡਿਪਟੀ ਕਮਿਸ਼ਨਰ ਡਾ: ਪ੍ਰਵੀਨ ਮੁੰਡੇ ਅਨੁਸਾਰ ਬੇਟੀ ਰਿੰਪਲ ਜੈਨ ਨੇ ਲਾਲਬਾਗ ਦੇ ਪੇਰੂ ਕੰਪਾਉਂਡ ਇਲਾਕੇ 'ਚ ਆਪਣੀ 55 ਸਾਲਾ ਮਾਂ ਵੀਨਾ ਪ੍ਰਕਾਸ਼ ਜੈਨ ਦੀ ਲਾਸ਼ ਨੂੰ ਇਲੈਕਟ੍ਰਿਕ ਮਾਰਬਲ ਕਟਰ, ਕੋਇਟਾ ਅਤੇ ਚਾਕੂ ਨਾਲ ਟੁਕੜੇ-ਟੁਕੜੇ ਕਰ ਦਿੱਤਾ। ਹੱਥਾਂ-ਪੈਰਾਂ ਤੋਂ ਇਲਾਵਾ ਹੋਰ ਅੰਗਾਂ ਦੇ ਟੁਕੜੇ ਕਰ ਕੇ ਲਾਸ਼ ਨੂੰ ਪਲਾਸਟਿਕ ਦੇ ਥੈਲੇ ਵਿਚ ਪਾ ਕੇ ਲੋਹੇ ਦੀ ਅਲਮਾਰੀ ਵਿਚ ਰੱਖਿਆ ਗਿਆ ਸੀ, ਜਦੋਂ ਕਿ ਹੱਥਾਂ-ਪੈਰਾਂ ਨੂੰ ਪਲਾਸਟਿਕ ਦੇ ਥੈਲੇ ਵਿਚ ਸਟੀਲ ਦੀ ਟੈਂਕੀ ਵਿਚ ਰੱਖਿਆ ਗਿਆ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਘਟਨਾ ਪਿਛਲੇ ਦੋ-ਤਿੰਨ ਮਹੀਨਿਆਂ ਦੌਰਾਨ ਵਾਪਰੀ ਹੋਵੇਗੀ। ਲਾਸ਼ ਸੜੀ ਹੋਈ ਹਾਲਤ 'ਚ ਮਿਲੀ।
ਇਹ ਵੀ ਪੜ੍ਹੋ:- Attack on police in Bokaro: ਰੇਲਵੇ, ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਟੀਮ 'ਤੇ ਪਿੰਡ ਵਾਸੀਆਂ ਵੱਲੋਂ ਹਮਲਾ