ਫਤਿਹਾਬਾਦ: ਹਰਿਆਣਾ ਦੇ ਫਤਿਹਾਬਾਦ 'ਚ ਸ਼ਮਰਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕਲਯੁਗੀ ਮਾਂ ਨੇ ਆਪਣੇ ਹੀ 7 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜ਼ਾਮ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਦਿੱਤਾ ਹੈ। ਮੁਲਜ਼ਮ ਮਾਂ ਨੇ ਪਹਿਲਾਂ ਬੱਚਿਆਂ ਨੂੰ ਨੀਂਦ ਦੀਆਂ ਗੋਲੀਆਂ ਦੀ ਡਬਲ ਡੋਜ਼ ਦਿੱਤੀ ਤੇ ਫਿਰ ਉਸ ਤੋਂ ਬਾਅਦ ਉਸ ਦਾ ਸਾਹ ਘੁੱਟ ਕੇ ਕਤਲ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।
ਇਹ ਵੀ ਪੜੋ: Sargun Mehta in Golden Temple: ਅਦਾਕਾਰਾ ਸਰਗੁਣ ਮਹਿਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ
ਮਾਂ ਨੇ ਬੱਚੇ ਨੂੰ ਮਾਰਨ ਲਈ ਇਸ ਤਰ੍ਹਾਂ ਰਚੀ ਸਾਜ਼ਿਸ਼: ਇਹ ਘਟਨਾ ਫਤਿਹਾਬਾਦ ਦੇ ਚੌਬਾਰਾ ਪਿੰਡ ਦੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਨੇ ਆਪਣੇ ਕਥਿਤ ਪ੍ਰੇਮੀ ਸੁਰੇਸ਼ ਨਾਲ ਮਿਲ ਕੇ ਆਪਣੇ 7 ਸਾਲ ਦੇ ਪੁੱਤਰ ਦਾ ਕਤਲ ਕਰ ਦਿੱਤਾ। ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਉਸ ਦਾ ਪ੍ਰੇਮੀ ਇੱਕ ਝੋਲਾਛਾਪ ਡਾਕਟਰ ਹੈ। ਉਹਨਾਂ ਦੱਸਿਆ ਕਿ 3 ਜਨਵਰੀ ਨੂੰ ਫੌਜੀ ਕ੍ਰਿਸ਼ਨਾ ਦੇ 7 ਸਾਲਾ ਪੁੱਤਰ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਤਾਂ ਪਿਤਾ ਨੇ ਇਸ ਸਬੰਧੀ ਮਾਮਲਾ ਦਰਜ ਕਰਵਾਇਆ ਸੀ।
ਪਤੀ ਨੂੰ ਅੱਗ ਲਗਾ ਕੇ ਮਾਰਨ ਦੀ ਕੋਸ਼ਿਸ਼: ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਮਾਰਨ ਤੋਂ ਬਾਅਦ ਔਰਤ ਨੇ ਆਪਣੇ ਫੌਜੀ ਪਤੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ। 13 ਜਨਵਰੀ ਮੁਲਜ਼ਮ ਔਰਤ ਨੇ ਆਪਣੇ ਪਤੀ ਦੇ ਬਿਸਤਰੇ ਨੂੰ ਅੱਗ ਲਗਾ ਦਿੱਤੀ ਸੀ, ਜਦੋਂ ਉਹ ਸੌਂ ਰਿਹਾ ਸੀ। ਇਸ ਮਾਮਲੇ 'ਚ ਫੌਜੀ ਨੇ ਆਪਣੀ ਪਤਨੀ ਕਵਿਤਾ ਅਤੇ ਉਸ ਦੇ ਪ੍ਰੇਮੀ 'ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਸੀ।
ਪੁਲਿਸ ਨੇ ਕੀਤੇ ਵੱਡੇ ਖੁਲਾਸੇ: ਸ਼ਨੀਵਾਰ ਨੂੰ ਫਤਿਹਾਬਾਦ ਦੇ ਡੀਐਸਪੀ ਜੁਗਲ ਕਿਸ਼ੋਰ ਨੇ ਇਸ ਮਾਮਲੇ ਵਿੱਚ ਕਈ ਖੁਲਾਸੇ ਕੀਤੇ। ਡੀਐਸਪੀ ਨੇ ਦੱਸਿਆ ਕਿ ਔਰਤ ਨੇ ਆਪਣੇ ਪ੍ਰੇਮੀ ਦੇ ਕਹਿਣ 'ਤੇ ਆਪਣੇ ਹੀ ਸੱਤ ਸਾਲ ਦੇ ਬੱਚੇ ਨੂੰ ਨੀਂਦ ਦੀ ਦਵਾਈ ਦੀ ਡਬਲ ਡੋਜ਼ ਦਿੱਤੀ। ਇਸ ਤੋਂ ਬਾਅਦ ਬੱਚੇ ਦਾ ਮੂੰਹ ਘੁੱਟ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਆਪਣੇ ਪੁੱਤਰ ਦੇ ਕਤਲ ਕਰਨ ਵਾਲੀ ਦੋਸ਼ੀ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਫੌਜੀ ਪਤੀ ਨੂੰ ਦੁੱਧ 'ਚ ਨੀਂਦ ਦੀ ਦਵਾਈ ਪਾ ਕੇ ਅੱਗ ਲਾ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਦੋਸ਼ੀ ਔਰਤ ਨੇ ਦੱਸਿਆ ਕਿ ਉਸ ਨੇ ਯੋਜਨਾ ਅਨੁਸਾਰ ਆਪਣੇ ਪਤੀ ਨੂੰ ਨੀਂਦ ਦੀ ਦਵਾਈ ਦਿੱਤੀ ਸੀ, ਪਰ ਉਹ ਅਸਫ਼ਲ ਰਹੀ।
ਔਰਤ ਦੇ ਇੱਕ ਹੋਰ ਪ੍ਰੇਮੀ ਨੇ ਕੀਤੀ ਖੁਦਕੁਸ਼ੀ: ਡੀਐਸਪੀ ਜੁਗਲ ਕਿਸ਼ੋਰ ਨੇ ਇਸ ਪੂਰੇ ਮਾਮਲੇ ਵਿੱਚ ਮਹਿਲਾ ਦੇ ਇੱਕ ਹੋਰ ਪ੍ਰੇਮੀ ਦਾ ਵੀ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਔਰਤ ਦਾ ਇੱਕ ਹੋਰ ਪ੍ਰੇਮੀ ਸੀ ਜਿਸ ਨੇ ਖੁਦਕੁਸ਼ੀ ਕਰ ਲਈ ਹੈ। ਫਿਲਹਾਲ ਪੁਲਿਸ ਨੇ ਔਰਤ ਅਤੇ ਉਸ ਦੇ ਮੌਜੂਦਾ ਪ੍ਰੇਮੀ ਸੁਰੇਸ਼ ਕੋਹਾੜ ਖਿਲਾਫ ਧਾਰਾ 302 ਅਤੇ 34 ਤਹਿਤ ਕਤਲ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।