ਨਵੀਂ ਦਿੱਲੀ: ਸਿਹਤ ਮੰਤਰਾਲੇ ਨੇ ਬੱਚਿਆਂ ਲਈ ਦਵਾਈਆਂ ਅਤੇ ਮਾਸਕ ਦੀ ਵਰਤੋਂ ਨੂੰ ਲੈ ਕੇ ਸੋਧੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਐਂਟੀਵਾਇਰਲ ਜਾਂ ਮੋਨੋਕਲੋਨਲ ਐਂਟੀਬਾਡੀਜ਼ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ, ਭਾਵੇਂ ਕੋਰੋਨਾ ਵਾਇਰਸ ਦੀ ਲਾਗ ਦੀ ਗੰਭੀਰਤਾ ਕਿੰਨੀ ਵੀ ਹੋਵੇ। ਲੱਛਣ ਰਹਿਤ ਅਤੇ ਹਲਕੇ ਮਾਮਲਿਆਂ ਦੇ ਇਲਾਜ ਲਈ ਐਂਟੀਮਾਈਕਰੋਬਾਇਲ ਜਾਂ ਪ੍ਰੋਫਾਈਲੈਕਸਿਸ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ ਹੈ। ਜੇਕਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਸਟੀਰੌਇਡ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਸੁਧਾਰ ਦੇ ਆਧਾਰ 'ਤੇ 10 ਤੋਂ 14 ਦਿਨਾਂ ਤੱਕ ਇਸਦੀ ਖੁਰਾਕ ਨੂੰ ਘਟਾਉਂਦੇ ਰਹਿਣਾ ਚਾਹੀਦਾ ਹੈ।
ਸਿਹਤ ਮੰਤਰਾਲੇ ਨੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਕਿਸ਼ੋਰਾਂ ਲਈ ਸੋਧੇ ਦਿਸ਼ਾ-ਨਿਰਦੇਸ਼ਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਪੰਜ ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਸਕ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ ਹੈ। 6 ਤੋਂ 11 ਸਾਲ ਦੇ ਬੱਚੇ ਮਾਤਾ-ਪਿਤਾ ਦੀ ਸਿੱਧੀ ਨਿਗਰਾਨੀ ਹੇਠ ਸੁਰੱਖਿਅਤ ਢੰਗ ਨਾਲ ਮਾਸਕ ਦੀ ਵਰਤੋਂ ਕਰ ਸਕਦੇ ਹਨ। ਮੰਤਰਾਲੇ ਨੇ ਕਿਹਾ ਕਿ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਬਾਲਗਾਂ ਵਾਂਗ ਮਾਸਕ ਪਹਿਨਣੇ ਚਾਹੀਦੇ ਹਨ। ਵਿਸ਼ਵ ਸਿਹਤ ਸੰਗਠਨ ਅਤੇ ਯੂਨੀਸੇਫ ਦੇ ਦਿਸ਼ਾ-ਨਿਰਦੇਸ਼ ਇਹ ਵੀ ਕਹਿੰਦੇ ਹਨ ਕਿ ਛੋਟੇ ਬੱਚਿਆਂ ਨੂੰ ਮਾਸਕ ਪਹਿਨਣ ਦੀ ਕੋਈ ਲੋੜ ਨਹੀਂ ਹੈ।
ਓਮੀਕਰੋਨ ਵੇਰੀਐਂਟਸ ਕਾਰਨ ਕੋਰੋਨਾ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ, ਮਾਹਰਾਂ ਦੇ ਇੱਕ ਸਮੂਹ ਨੇ ਕੋਵਿਡ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕੀਤੀ। ਸਿਹਤ ਮੰਤਰਾਲੇ ਨੇ ਕਿਹਾ ਕਿ ਉਪਲਬਧ ਅੰਕੜਿਆਂ ਦੇ ਅਨੁਸਾਰ, ਓਮੀਕਰੋਨ ਵੇਰੀਐਂਟ ਕਾਰਨ ਹੋਣ ਵਾਲੀ ਬਿਮਾਰੀ ਘੱਟ ਗੰਭੀਰ ਹੈ। ਹਾਲਾਂਕਿ, ਮਹਾਂਮਾਰੀ ਦੀ ਲਹਿਰ ਦੇ ਕਾਰਨ, ਧਿਆਨ ਨਾਲ ਨਿਗਰਾਨੀ ਦੀ ਲੋੜ ਹੈ।
ਇਹ ਵੀ ਪੜੋ: ਕੋਰੋਨਾ ਟੈਸਟ ਦੀਆਂ ਕੀਮਤਾਂ 'ਚ ਬਦਲਾਅ, ਜਾਣੋ RT-PCR ਦੀ ਕਿੰਨੀ ਹੋਵੇਗੀ ਕੀਮਤ