ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ, ਭਾਰਤੀ ਜਲ ਸੈਨਾ ਦੇ ਮਰੀਨ ਕਮਾਂਡੋਆਂ (MARCOS) ਨੂੰ ਪੂਰਬੀ ਲੱਦਾਖ਼ ਦੇ ਪੈਂਗਾਗ ਝੀਲ ਖੇਤਰ ’ਚ ਤੈਨਾਤ ਕਰ ਦਿੱਤਾ ਗਿਆ ਹੈ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪੂਰਬੀ ਲੱਦਾਖ਼ ’ਚ ਮਰੀਨ ਕਮਾਂਡੋਆਂ ਦੀ ਤੈਨਾਤੀ ਪਿੱਛੇ ਮਕਸਦ ਤਿੰਨਾ ਸੈਨਾਵਾਂ ਵਿਚਾਲੇ ਤਾਲਮੇਲ ਨੂੰ ਵਧਾਉਣਾ ਅਤੇ ਵੱਧ ਤੋਂ ਵੱਧ ਸਰਦ ਮੌਸਮ ਦੀ ਸਥਿਤੀ ’ਚ ਜਲ ਸੈਨਾ ਦੇ ਕਮਾਂਡੋਆਂ ਨੂੰ ਦੁਸ਼ਮਣ ਦਾ ਸਾਹਮਣਾ ਕਰਨ ਦੇ ਯੋਗ ਬਨਾਉਣਾ ਹੈ। ਕਿਉਂਕਿ ਪੂਰਬੀ ਲੱਦਾਖ਼ ’ਚ ਝੜਪਾਂ ਸ਼ੁਰੂ ਹੋਣ ਦੇ ਦਿਨ ਤੋਂ ਹੀ ਭਾਰਤੀ ਹਵਾਈ ਫੌਜ ਦੇ ਗਰੁੜ ਆਪ੍ਰੇਟਰਜ਼ ਅਤੇ ਭਾਰਤੀ ਥਲ ਫੌਜ ਦੇ ਪੈਰਾ-ਸਪੈਸ਼ਲ ਕਮਾਂਡੋ ਮੌਜੂਦ ਹਨ।
ਸੂਤਰਾਂ ਨੇ ਕਿਹਾ ਕਿ ਮਰੀਨ ਕਮਾਂਡੋ ਨੂੰ ਪੈਂਗਾਗ ਝੀਲ ’ਚ ਤੈਨਾਤ ਕੀਤਾ ਗਿਆ ਹੈ, ਜਿੱਥੇ ਭਾਰਤ ਅਤੇ ਚੀਨ ਦੀਆਂ ਫੌਜਾਂ ਇਸ ਸਾਲ ਅਪ੍ਰੈਲ-ਮਈ ਤੋਂ ਬਾਅਦ ਤੋਂ ਸੀਮਾ ਵਿਵਾਦ ਨੂੰ ਲੈ ਕੇ ਆਹਮਣੇ-ਸਾਹਮਣੇ ਹਨ। ਉਨ੍ਹਾਂ ਕਿਹਾ ਕਿ ਜਲ ਸੈਨਾ ਦੇ ਕਮਾਂਡੋਆਂ ਨੂੰ ਜਲਦ ਹੀ ਝੀਲ ’ਚ ਚੱਲਣ ਵਾਲੀਆਂ ਕਿਸ਼ਤੀਆਂ ਉਪਲਬੱਧ ਕਰਵਾਈਆਂ ਜਾਣਗੀਆਂ।
ਭਾਰਤੀ ਫੌਜ ਦੀ ਸਪੈਸ਼ਲ ਟੁਕੜੀਆਂ, ਜਿਸ ’ਚ ਪੈਰਾ-ਸਪੈਸ਼ਲ ਆਰਮੀ ਅਤੇ ਕੈਬਨਿਟ ਸੈਕਟ੍ਰੀਏਟ ਦੀ ਸਪੈਸ਼ਲ ਫਰੰਟੀਅਰ ਆਰਮੀ ਸ਼ਾਮਲ ਹੈ, ਪੂਰਬੀ ਲੱਦਾਖ਼ ’ਚ ਲੰਮੇ ਸਮੇਂ ਤੋਂ ਸਪੈਸ਼ਲ ਆਪ੍ਰੇਸ਼ਨ ਚਲਾ ਰਹੀਆਂ ਹਨ।