ਬਹਿਰੈਚ (ਉੱਤਰ ਪ੍ਰਦੇਸ਼): ਬਹਿਰੈਚ ਦੇ ਜ਼ਿਲ੍ਹਾ ਮੈਜਿਸਟ੍ਰੇਟ (DM Behraich) ਦਿਨੇਸ਼ ਚੰਦਰ ਨੇ ਦੱਸਿਆ ਕਿ ਲਖੀਮਪੁਰ ਖੇੜੀ ਹਿੰਸਾ ਵਿੱਚ ਆਪਣੀ ਜਾਨ ਗੁਆ ਚੁੱਕੇ ਕਿਸਾਨ ਗੁਰਵਿੰਦਰ ਸਿੰਘ ਦਾ ਪੋਸਟ ਮਾਰਟਮ ਬੁੱਧਵਾਰ ਨੂੰ ਦੁਬਾਰਾ ਕੀਤਾ ਗਿਆ।
ਤਸੱਲੀ ਲਈ ਕੀਤਾ ਗਿਆ ਮੁੜ ਪੋਸਟਮਾਰਟਮ
ਮੀਡੀਆ ਏਜੰਸੀਆਂ ਨਾਲ ਗੱਲ ਕਰਦੇ ਹੋਏ ਬਹਿਰੈਚ ਦੇ ਡੀਐਮ ਦਿਨੇਸ਼ ਚੰਦਰ ਨੇ ਕਿਹਾ, “ਪੋਸਟ ਮਾਰਟਮ ਦੀ ਨਿਗਰਾਨੀ ਕਰਨ ਲਈ ਡਾਕਟਰਾਂ ਦਾ ਇੱਕ ਮਾਹਰ ਪੈਨਲ ਲਖਨਊ ਤੋਂ ਆਇਆ ਸੀ, ਜੋ ਕਿ ਮੁੱਖ ਮੰਤਰੀ ਦਫਤਰ (CM Office) ਦੇ ਹੁਕਮ ‘ਤੇ ਪੁੱਜਾ। ਪੋਸਟਮਾਰਟਮ ਦੁਬਾਰਾ ਕੀਤਾ ਜਾ ਰਿਹਾ ਹੈ ਕਿਉਂਕਿ ਪਰਿਵਾਰ ਦੀ ਸੰਤੁਸ਼ਟੀ ਸਾਡੀ ਤਰਜੀਹ ਹੈ। ”
ਸਰਕਾਰ ਨੇ ਮੁੜ ਪੋਸਟਮਾਰਟਮ ਦੀ ਮੰਗ ਮੰਨੀਉਨ੍ਹਾਂ ਅੱਗੇ ਕਿਹਾ, "ਲਖੀਮਪੁਰ ਘਟਨਾ ਵਿੱਚ ਮਾਰੇ ਗਏ ਇੱਕ ਵਿਅਕਤੀ ਦੇ ਪਰਿਵਾਰ ਨੂੰ ਪੋਸਟ ਮਾਰਟਮ 'ਤੇ ਸ਼ੱਕ ਸੀ ਅਤੇ ਮੁੜ ਪੋਸਟਮਾਰਟਮ ਦੀ ਬੇਨਤੀ ਕੀਤੀ ਸੀ। ਰਾਜ ਸਰਕਾਰ ਨੇ ਮੰਗ ਮੰਨੀ ਤੇ ਪੋਸਟਮਾਰਟਮ ਦੁਬਾਰਾ ਕੀਤਾ ਗਿਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇ।"
ਪਰਿਵਾਰ ਨੂੰ ਸ਼ੱਕ ਸੀ ਕਿ ਗੋਲੀ ਵੱਜੀ
ਪੋਸਟ ਮਾਰਟਮ ਦੁਬਾਰਾ ਕੀਤਾ ਗਿਆ ਕਿਉਂਕਿ ਉਸ ਦੇ ਪਰਿਵਾਰ ਦਾ ਮੰਨਣਾ ਸੀ ਕਿ ਉਸ ਨੂੰ ਗੋਲੀ ਮਾਰੀ ਗਈ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਕਿਹਾ, "ਹੁਣ ਕੋਈ ਮੁੱਦਾ ਨਹੀਂ ਹੈ। ਲਖਨਊ ਤੋਂ ਟੀਮ ਪੋਸਟਮਾਰਟਮ ਲਈ ਆਈ ਸੀ ਤੇ ਪੋਸਟਮਾਰਟਮ ਕੀਤਾ ਗਿਆ। ਉਸ ਨੇ ਕਿਹਾ ਕਿ ਉਹ ਪੋਸਟਮਾਰਟਮ ਦੀ ਰੀਪੋਰਟ ਮੰਜੂਰ ਕਰਨਗੇ ਤੇ ਕੁਝ ਰਸਮਾਂ ਤੋਂ ਬਾਅਦ ਸਸਕਾਰ ਕੀਤਾ ਜਾਵੇਗਾ।"
ਹਾਈਕੋਰਟ ਦੇ ਸੇਵਾਮੁਕਤ ਜੱਜ ਕਰਨਗੇ ਜਾਂਚ
ਉੱਤਰ ਪ੍ਰਦੇਸ਼ ਸਰਕਾਰ ਨੇ ਸੋਮਵਾਰ ਨੂੰ ਲਖੀਮਪੁਰ ਖੇੜੀ ਘਟਨਾ ਦੀ ਹਾਈ ਕੋਰਟ ਦੇ ਇੱਕ ਸੇਵਾਮੁਕਤ ਜੱਜ (High Court Retd. Judge) ਦੇ ਅਧੀਨ ਨਿਆਂਇਕ ਜਾਂਚ (Judicial Probe)ਦਾ ਐਲਾਨ ਕੀਤਾ ਸੀ। ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ ਹਿੰਸਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰ ਨੂੰ 45 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਜ਼ਖਮੀਆਂ ਨੂੰ 10-10 ਲੱਖ ਰੁਪਏ ਦਿੱਤੇ ਜਾਣਗੇ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਵਿੱਚ ਐਤਵਾਰ ਨੂੰ ਹੋਈ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ।