ਕੋਲੱਮ (ਕੇਰਲ): ਕੇਰਲ ਪੁਲਿਸ ਨੇ ਮੰਗਲਵਾਰ ਨੂੰ ਇੱਕ ਕਥਿਤ ਘਟਨਾ ਦੇ ਸਬੰਧ ਵਿੱਚ ਮਾਮਲਾ ਦਰਜ ਕੀਤਾ ਜਿਸ ਵਿੱਚ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੀਆਂ ਲੜਕੀਆਂ ਅਤੇ ਔਰਤਾਂ ਨੂੰ ਕੋਲੱਮ ਵਿੱਚ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਲਿੰਗਰੀ (ਅੰਡਰਗਾਰਮੈਂਟ) ਹਟਾਉਣ ਨੂੰ ਕਿਹਾ ਗਿਆ ਸੀ। ਪੁਲਿਸ ਨੇ ਕਿਹਾ ਕਿ ਐਤਵਾਰ ਨੂੰ ਜ਼ਿਲ੍ਹੇ ਦੇ ਅਯੂਰ ਵਿਖੇ ਇੱਕ ਨਿੱਜੀ ਵਿਦਿਅਕ ਸੰਸਥਾ ਵਿੱਚ ਆਯੋਜਿਤ ਨੀਟ ਪ੍ਰੀਖਿਆ ਦੌਰਾਨ ਕਥਿਤ ਤੌਰ 'ਤੇ ਘਟੀਆ ਤਜਰਬੇ ਦਾ ਸਾਹਮਣਾ ਕਰਨ ਵਾਲੀ ਇੱਕ ਲੜਕੀ ਦੀ ਸ਼ਿਕਾਇਤ 'ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 354 ਅਤੇ 509 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮਹਿਲਾ ਅਧਿਕਾਰੀਆਂ ਦੀ ਟੀਮ ਨੇ ਲੜਕੀ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਇਸ ਘਟਨਾ ਵਿੱਚ ਕਥਿਤ ਤੌਰ 'ਤੇ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਹ ਮਾਮਲਾ ਸੋਮਵਾਰ ਨੂੰ ਉਦੋਂ ਸਾਹਮਣੇ ਆਇਆ ਜਦੋਂ 17 ਸਾਲਾ ਲੜਕੀ ਦੇ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਧੀ ਨੀਟ ( NEET) ਦੀ ਪ੍ਰੀਖਿਆ ਲਈ ਬੈਠੀ ਸੀ ਅਤੇ ਅਜੇ ਉਸ ਸਦਮੇ ਤੋਂ ਬਾਹਰ ਨਹੀਂ ਆਈ ਹੈ, ਜਿਸ ਵਿਚ ਉਸ ਨੂੰ ਪ੍ਰੀਖ੍ਰਿਆ ਦੇ ਲਈ ਤਿੰਨ ਤੋਂ ਜਿਆਦਾ ਸਮਾਂ ਦੇ ਲਈ ਬਿਨਾਂ ਅੰਡਰਗਾਰਮੈਂਟ ਤੋਂ ਬੈਠਣਾ ਪਿਆ।
ਲੜਕੀ ਦੇ ਪਿਤਾ ਨੇ ਇੱਕ ਟੀਵੀ ਚੈਨਲ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਧੀ ਨੇ ਨੀਟ ( NEET) ਬੁਲੇਟਿਨ ਵਿੱਚ ਦਰਸਾਏ ਡਰੈੱਸ ਕੋਡ ਅਨੁਸਾਰ ਕੱਪੜੇ ਪਾਏ ਸਨ। ਇਸ ਘਟਨਾ ਦੀ ਨਿੰਦਾ ਕਰਦਿਆਂ ਵੱਖ-ਵੱਖ ਨੌਜਵਾਨ ਜਥੇਬੰਦੀਆਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਕੇਰਲ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਕੋਲੱਮ ਰੂਰਲ ਪੁਲਿਸ ਸੁਪਰਡੈਂਟ (ਦਿਹਾਤੀ) ਨੂੰ 15 ਦਿਨਾਂ ਦੇ ਅੰਦਰ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜੋ: ਹਵਾਈ ਯਾਤਰਾ: ਸੁਰੱਖਿਆ ਨੂੰ ਲੈ ਕੇ ਕਿਉਂ ਉੱਠ ਰਹੇ ਹਨ ਸਵਾਲ ?