ਨਵੀਂ ਦਿੱਲੀ: ਦਿੱਲੀ (Delhi) ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਨੇ 'ਬੰਦੀ ਛੋੜ ਦਿਵਸ' ਨੂੰ ਲੈ ਕੇ ਟਵੀਟ ਕੀਤਾ ਹੈ। ਟਵੀਟ (Tweet) 'ਚ ਉਨ੍ਹਾਂ ਲਿਖਿਆ ਹੈ ਕਿ ਬੰਦੀ ਛੋੜ ਦਿਵਸ ਦੇ ਇਤਿਹਾਸਕ ਦਿਹਾੜੇ 'ਤੇ ਸਮੂਹ ਸੰਗਤਾਂ ਨੂੰ ਵਧਾਈਆਂ। ਆਉ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ "ਸਰਬੱਤ ਦੇ ਭਲੇ" ਅਤੇ ਸਮੁੱਚੀ ਸੰਗਤ ਦੇ ਭਲੇ ਦੀ ਅਰਦਾਸ ਕਰੀਏ।
ਪੰਜਾਬ ਵਿੱਚ ਅਗਲੇ ਸਾਲ ਚੋਣਾਂ ਹੋਣੀਆਂ ਹਨ। ਅਜਿਹੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਪੰਜਾਬ ਦੇ ਤਿਉਹਾਰਾਂ (Festivals) ਅਤੇ ਛੋਟੇ-ਵੱਡੇ ਸਮਾਗਮਾਂ ਨੂੰ ਲੈ ਕੇ ਸਰਗਰਮ ਰਹਿੰਦੇ ਹਨ। ਪਹਿਲਾਂ ਵੀ ਉਹ ਕਈ ਵਾਰ ਪੰਜਾਬ ਦਾ ਦੌਰਾ ਕਰ ਚੁੱਕੇ ਹਨ। ਇਸ ਦੇ ਨਾਲ ਹੀ ਉਹ ਲਗਾਤਾਰ ਟਵੀਟ (Tweet) ਰਾਹੀਂ ਵੀ ਐਕਟਿਵ ਰਹਿੰਦੇ ਹਨ।
ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਬੇਮਿਸਾਲ ਤੇ ਸ਼ਾਂਤਮਈ ਸ਼ਹਾਦਤ ਨੇ ਇੱਕ ਕ੍ਰਾਂਤੀਕਾਰੀ ਮੋੜ ਲਿਆਂਦਾ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਮੁਗ਼ਲਾਂ ਦੇ ਜਬਰ ਨਾਲ ਨਜਿੱਠਣ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਕੌਮ ਨੂੰ ਹਥਿਆਰਬੰਦ ਹੋਣ ਦਾ ਸੰਦੇਸ਼ ਦਿੱਤਾ।
ਉਨ੍ਹਾਂ ਨੇ 'ਮੀਰੀ' ਤੇ 'ਪੀਰੀ' ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਸਿੱਖਾਂ ਨੂੰ ਘੋੜ ਸਵਾਰੀ ਸਮੇਤ ਯੁੱਧ ਕਲਾ 'ਚ ਨਿਪੁੰਨ ਹੋਣ ਦਾ ਸੰਦੇਸ਼ ਦਿੱਤਾ। ਗੁਰੂ ਸਾਹਿਬ ਜੀ ਨੇ ਅੰਮ੍ਰਿਤਸਰ ਵਿੱਚ ਸਿੱਖ ਕੌਮ ਸਬੰਧੀ ਨਿਰਣਿਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ। ਬਾਬਰ ਦਾ ਜੇਲ੍ਹ ਖ਼ਾਨਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਸੱਚ ਦੇ ਮਾਰਗ ਤੋਂ ਡਗਮਗਾ ਨਹੀਂ ਸਕਿਆ।
ਉਸੇ ਤਰ੍ਹਾਂ ਜਹਾਂਗੀਰ ਵਲੋਂ ਕੀਤੀ ਗ੍ਰਿਫ਼ਤਾਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਇਰਾਦੇ ਵਿੱਚ ਕੋਈ ਬਦਲਾਵ ਨਹੀਂ ਲਿਆ ਸਕੀ। ਆਖਿਰ ਸੱਚ ਦੀ ਜਿੱਤ ਹੋਈ। ਜਹਾਂਗੀਰ ਨੇ ਗੁਰੂ ਸਾਹਿਬ ਦੀ ਰਿਹਾਈ ਦੇ ਹੁਕਮ ਦਿੱਤੇ।
ਪਰ ਸੱਚੀ ਸਰਕਾਰ ਨੇ ਇਕੱਲੇ ਜੇਲ੍ਹ ਤੋਂ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ। ਮੁਕਤੀ ਦੇ ਦਾਤੇ ਨੇ ਆਪਣੇ ਨਾਲ 52 ਹੋਰ ਰਾਜਿਆਂ ਨੂੰ ਵੀ ਜੇਲ੍ਹ ਤੋਂ ਆਜ਼ਾਦ ਕਰਵਾਇਆ। ਸੰਗਤਾਂ ਨੇ ਬੰਦੀ ਛੋੜ ਦਾਤੇ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਵਾਪਸੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਣਾ ਆਰੰਭ ਕਰ ਦਿੱਤਾ, ਜੋ ਕਿ ਅੱਜ ਵੀ ਜਾਰੀ ਹੈ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ 19 ਜੂਨ ਸੰਨ 1595 ਈ. ਵਿੱਚ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਪਿੰਡ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਗੁਰੂ ਸਾਹਿਬ ਜੀ ਦੀ ਪੜ੍ਹਾਈ ਅਤੇ ਸ਼ਸਤਰ ਵਿੱਦਿਆ ਦੀ ਜਿੰਮੇਵਾਰੀ ਬਾਬਾ ਬੁੱਢਾ ਜੀ ਨੇ ਨਿਭਾਈ। ਉਨ੍ਹਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰੂ-ਘਰ ਦੀ ਵਿੱਦਿਆ ਦਿੱਤੀ ਅਤੇ ਸ਼ਸਤਰਾਂ ਦੀ ਵਰਤੋਂ, ਘੋੜ ਸਵਾਰੀ, ਕੁਸ਼ਤੀਆਂ ਆਦਿ ਦੀ ਸਿਖਲਾਈ ਵੀ ਕਰਵਾਈ।
ਇਹ ਵੀ ਪੜ੍ਹੋ: ਬੰਦੀ ਛੋੜ ਦਿਵਸ 'ਤੇ ਵਿਸ਼ੇਸ਼: ਗੁਲਾਮੀ ਤੋਂ ਨਿਜਾਤ ਪਾਉਣ ਲਈ ਬੰਦੀ ਛੋੜ ਦਿਵਸ ਤੋਂ ਸੇਧ ਲਈਏ