ਇੰਫਾਲ: ਮਣੀਪੁਰ ਸਰਕਾਰ ਨੇ ਸੰਕਟਗ੍ਰਸਤ ਰਾਜ ਵਿੱਚ ਇੰਟਰਨੈਟ ਸੇਵਾਵਾਂ ਉੱਤੇ ਪਾਬੰਦੀ 15 ਜੂਨ ਤੱਕ ਵਧਾ ਦਿੱਤੀ ਹੈ। ਇੱਕ ਅਧਿਕਾਰਤ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਝੂਠੀਆਂ ਖ਼ਬਰਾਂ, ਅਫਵਾਹਾਂ ਅਤੇ ਗਲਤ ਜਾਣਕਾਰੀ ਨੂੰ ਫੈਲਣ ਤੋਂ ਰੋਕਣ ਲਈ ਇੰਟਰਨੈਟ ਪਾਬੰਦੀ ਨੂੰ ਹੋਰ ਪੰਜ ਦਿਨਾਂ ਲਈ ਵਧਾ ਦਿੱਤਾ ਗਿਆ ਹੈ। ਕਿਉਂਕਿ ਇੰਟਰਨੈੱਟ ਖੁੱਲ੍ਹਣ ਨਾਲ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦਾ ਖਤਰਾ ਹੈ। ਬਿਆਨ ਮੁਤਾਬਿਕ ਇੰਟਰਨੈੱਟ 'ਤੇ ਪਾਬੰਦੀ 15 ਜੂਨ ਦੁਪਹਿਰ 3 ਵਜੇ ਤੱਕ ਵਧਾ ਦਿੱਤੀ ਗਈ ਹੈ।
349 ਰਾਹਤ ਕੈਂਪ ਚੱਲ: ਇਸ ਦੌਰਾਨ ਮਨੀਪੁਰ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਡੀਆਰ ਸਪਮ ਰੰਜਨ ਨੇ ਸ਼ਨੀਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕਿਸੇ ਵੀ ਹਿੱਸੇ ਤੋਂ ਕੋਈ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ। ਕਿਸੇ ਮੌਤ ਦੀ ਖਬਰ ਨਹੀਂ ਹੈ, ਜੋ ਕਿ ਰਾਜ ਵਿੱਚ ਆਮ ਵਾਂਗ ਵਾਪਸੀ ਦਾ ਸੰਕੇਤ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਸਮੇਂ ਮਣੀਪੁਰ ਵਿੱਚ 349 ਰਾਹਤ ਕੈਂਪ ਚੱਲ ਰਹੇ ਹਨ। ਮੰਤਰੀ ਨੇ ਅੱਗੇ ਦੱਸਿਆ ਕਿ ਲੁੱਟੇ ਗਏ ਕੁੱਲ 4,537 ਹਥਿਆਰਾਂ ਵਿੱਚੋਂ ਸੂਬਾ ਸਰਕਾਰ ਨੇ 990 ਹਥਿਆਰ ਬਰਾਮਦ ਕੀਤੇ ਹਨ। ਸ਼ਨੀਵਾਰ ਨੂੰ, ਸੁਰੱਖਿਆ ਬਲਾਂ ਨੇ ਰਾਜ ਵਿੱਚ ਹਿੰਸਾ ਅਤੇ ਨਸਲੀ ਝੜਪਾਂ ਤੋਂ ਬਾਅਦ ਪਹਾੜੀਆਂ ਅਤੇ ਘਾਟੀਆਂ ਦੇ ਸੰਵੇਦਨਸ਼ੀਲ ਖੇਤਰਾਂ ਵਿੱਚ ਚੌਥੇ ਦਿਨ ਵੀ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ ਅਤੇ 22 ਹਥਿਆਰ ਬਰਾਮਦ ਕੀਤੇ। ਇਸ ਦੌਰਾਨ ਕੇਂਦਰ ਸਰਕਾਰ ਨੇ ਮਣੀਪੁਰ ਵਿੱਚ ਰਾਜਪਾਲ ਦੀ ਪ੍ਰਧਾਨਗੀ ਹੇਠ ਇੱਕ ਸ਼ਾਂਤੀ ਕਮੇਟੀ ਦਾ ਗਠਨ ਕੀਤਾ ਹੈ।
ਕਮੇਟੀ ਦਾ ਗਠਨ: ਪੈਨਲ ਦਾ ਉਦੇਸ਼ ਰਾਜ ਵਿੱਚ ਵੱਖ-ਵੱਖ ਨਸਲੀ ਸਮੂਹਾਂ ਵਿੱਚ ਸ਼ਾਂਤੀ ਪ੍ਰਕਿਿਰਆ ਨੂੰ ਸੁਚਾਰੂ ਬਣਾਉਣਾ ਹੈ। ਕਮੇਟੀ ਦੇ ਗਠਨ ਤੋਂ ਪਹਿਲਾਂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਸੀ ਕਿ ਮਣੀਪੁਰ ਵਿੱਚ ਜਲਦੀ ਤੋਂ ਜਲਦੀ ਆਮ ਸਥਿਤੀ ਬਹਾਲ ਕਰਨ ਲਈ ਇੱਕ ਸ਼ਾਂਤੀ ਪੈਨਲ ਦਾ ਗਠਨ ਕੀਤਾ ਜਾਵੇਗਾ। ਹਾਈ ਕੋਰਟ ਵੱਲੋਂ ਰਾਜ ਸਰਕਾਰ ਨੂੰ ਅਨੁਸੂਚਿਤ ਜਨਜਾਤੀਆਂ (ਐਸਟੀ) ਦੀ ਸੂਚੀ ਵਿੱਚ ਮੀਤੀ ਭਾਈਚਾਰੇ ਨੂੰ ਸ਼ਾਮਿਲ ਕਰਨ ਬਾਰੇ ਵਿਚਾਰ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਮਣੀਪੁਰ ਇੱਕ ਮਹੀਨੇ ਤੋਂ ਜਾਤੀ ਹਿੰਸਾ ਦੀ ਲਪੇਟ ਵਿੱਚ ਹੈ। ਇੱਥੇ ਹਿੰਸਾ ਵੱਧਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਅਰਧ ਸੈਨਿਕ ਬਲ ਤਾਇਨਾਤ ਕਰਨੇ ਪਏ।