ਨਵੀਂ ਦਿੱਲੀ: ਇਸ ਸਾਲ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ 'ਤੇ ਕੌਮਾਂਤਰੀ ਯੋਗ ਦਿਵਸ 'ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਦੇਸ਼ ਭਰ 'ਚ 75 ਹਜ਼ਾਰ ਥਾਵਾਂ 'ਤੇ ਸਮੂਹਿਕ ਯੋਗਾ ਪ੍ਰੋਗਰਾਮ ਆਯੋਜਿਤ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਹਜ਼ਾਰ ਲੋਕਾਂ ਦੇ ਨਾਲ ਮੈਸੂਰ ਵਿੱਚ ਇਸ ਪ੍ਰੋਗਰਾਮ ਦਾ ਹਿੱਸਾ ਹੋਣਗੇ। ਇਸ ਦੇ ਨਾਲ ਹੀ ਪਾਰਟੀ ਪ੍ਰਧਾਨ ਜੇਪੀ ਨੱਡਾ ਨੋਇਡਾ ਸਟੇਡੀਅਮ ਵਿੱਚ ਵਰਕਰਾਂ ਨਾਲ ਯੋਗ ਦਿਵਸ ਵਿੱਚ ਸ਼ਾਮਲ ਹੋਣਗੇ।
ਇਹ ਜਾਣਕਾਰੀ ਦਿੰਦਿਆਂ ਭਾਜਪਾ ਦੇ ਰਾਸ਼ਟਰੀ ਬੁਲਾਰੇ ਅਤੇ ਰਾਜ ਸਭਾ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਦੱਸਿਆ ਕਿ ਸਾਰੇ ਕੇਂਦਰੀ ਮੰਤਰੀ, ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸੰਸਦ ਮੈਂਬਰ, ਵਿਧਾਇਕ, ਹੋਰ ਜਨ ਪ੍ਰਤੀਨਿਧਾਂ ਅਤੇ ਕੇਂਦਰੀ ਅਤੇ ਖੇਤਰੀ ਅਧਿਕਾਰੀਆਂ ਵੱਲੋਂ ਵੀ ਯੋਗ ਦਿਵਸ ਮੌਕੇ ਪ੍ਰੋਗਰਾਮ ਉਲੀਕੇ ਗਏ ਹਨ। ਇਸ ਸਾਲ ਦੇ ਯੋਗ ਦਿਵਸ ਦਾ ਥੀਮ ‘ਮਨੁੱਖਤਾ ਲਈ ਯੋਗ’ ਰੱਖਿਆ ਗਿਆ ਹੈ।
ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਭਾਰਤ ਹੀ ਇਕ ਅਜਿਹੀ ਸਭਿਅਤਾ ਹੈ ਜੋ ਸਰੀਰ ਦੀ ਕਸਰਤ ਤੋਂ ਲੈ ਕੇ ਯੋਗਾ ਰਾਹੀਂ ਸਰੀਰ ਦੀਆਂ ਵੱਖ-ਵੱਖ ਊਰਜਾਵਾਂ ਅਤੇ ਅੰਦਰੂਨੀ ਸਵੈ-ਸ਼ਕਤੀ ਦਾ ਰਾਹ ਪੱਧਰਾ ਕਰਦੀ ਹੈ, ਇਸ ਲਈ 'ਮਨੁੱਖਤਾ ਲਈ ਯੋਗ' ਦਾ ਮਾਟੋ ਰੱਖਿਆ ਗਿਆ ਹੈ।
ਪਿਛਲੇ ਅੱਠ ਸਾਲਾਂ ਤੋਂ ਯੋਗ ਦਿਵਸ ਪੂਰੇ ਦੇਸ਼ ਵਿੱਚ ਸਫਲਤਾਪੂਰਵਕ ਮਨਾਇਆ ਜਾ ਰਿਹਾ ਹੈ। ਭਾਜਪਾ ਨੇ ਆਮ ਨਾਗਰਿਕਾਂ ਨੂੰ ਵੀ ਯੋਗ ਦਿਵਸ 'ਤੇ ਪ੍ਰੋਗਰਾਮਾਂ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਯੋਗ ਭਾਰਤ ਦੀ ਮਹਾਨ ਸੱਭਿਆਚਾਰਕ ਵਿਰਾਸਤ ਹੈ ਜਿਸ 'ਤੇ ਦੇਸ਼ ਦੇ ਹਰ ਵਿਅਕਤੀ ਨੂੰ ਮਾਣ ਹੋਣਾ ਚਾਹੀਦਾ ਹੈ। ਯੋਗ ਨੂੰ ਭਾਰਤ ਅਤੇ ਭਾਰਤ ਦੀ ਸੰਸਕ੍ਰਿਤੀ ਵਜੋਂ ਜਾਣਿਆ ਜਾਂਦਾ ਹੈ। ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ।
ਭਾਜਪਾ ਵੱਲੋਂ ਸਾਰੇ ਆਗੂਆਂ ਤੇ ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਯੋਗਾ ਪ੍ਰੋਗਰਾਮ ਦਾ ਆਯੋਜਨ ਕਰਨ ਅਤੇ ਇਸ ਵਿੱਚ ਹਿੱਸਾ ਲੈਣ ਅਤੇ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਵਰਕਰਾਂ ਅਤੇ ਆਮ ਲੋਕਾਂ ਨੂੰ ਸ਼ਾਮਲ ਕਰਨ ਲਈ ਯਤਨਸ਼ੀਲ ਰਹਿਣ।ਉਨ੍ਹਾਂ ‘ਅੰਤਰਰਾਸ਼ਟਰੀ ਯੋਗ ਦਿਵਸ’ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ, 'ਕੱਲ ਯਾਨੀ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਵਾਰ ਇਹ ਸਮਾਗਮ ‘ਮਨੁੱਖਤਾ ਲਈ ਯੋਗਾ’ ਥੀਮ ਤਹਿਤ ਹੋਵੇਗਾ। ਆਓ ਅਸੀਂ ਸਾਰੇ ਮਿਲ ਕੇ ਇਸ ਨੂੰ ਸਫਲ ਕਰੀਏ ਅਤੇ ਯੋਗਾ ਦੀ ਪ੍ਰਸਿੱਧੀ ਨੂੰ ਹੋਰ ਵਧਾ ਸਕੀਏ।'
ਇਹ ਵੀ ਪੜ੍ਹੋ: ਬਾਬਾ ਰਾਮਦੇਵ ਨੇ ਨੌਜਵਾਨਾਂ ਨੂੰ "ਅਗਨੀਪਥ" 'ਤੇ ਨਹੀਂ ਸਗੋਂ "ਯੋਗਪਥ" 'ਤੇ ਚੱਲਣ ਦਾ ਦਿੱਤਾ ਸੱਦਾ