ਰੂਪਨਗਰ: ਅੰਦੋਲਨ ’ਤੇ ਬੈਠੀ ਬੀਬੀਆਂ ਬਾਰੇ ਵਿਵਾਦਤ ਬਿਆਨ ਦੇ ਕੇ ਕਿਸਾਨਾਂ ਦੇ ਨਿਸ਼ਾਨੇ ’ਤੇ ਆਈ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ (Bollywood actress Kangna Ranaut) ਭਾਵੇਂ ਕਹਿ ਰਹੀ ਹੋਵੇ ਕਿ ਉਸ ਨੇ ਕੀਰਤਪੁਰ ਸਾਹਿਬ ਵਿਖੇ ਕੋਈ ਮਾਫੀ ਨਹੀਂ ਮੰਗੀ ਪਰ ਮਾਫੀ ਮੰਗਵਾਉਣ ਵਾਲੀਆਂ ਬੀਬੀਆਂ ਨੇ ਉਸ ਦੇ ਇਸ ਝੂਠ ਦੀ ਪੋਲ ਖੋਲ੍ਹ ਦਿੱਤੀ ਹੈ। ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਬੀਬੀਆਂ ਨੇ ਕਿਹਾ ਹੈ ਕਿ ਕੰਗਣਾ ਰਣੌਤ ਨੇ ਮਾਫੀ ਮੰਗੀ ਹੈ ਤੇ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਵੀ ਲਗਾਏ।
ਬਾਲੀਵੁੱਡ ਅਦਾਕਾਰਾ ਨੂੰ ਘੇਰਾ ਪਾਈ ਖੜ੍ਹੀ ਬੀਬੀਆਂ ਵਿੱਚੋਂ ਜਰਨੈਲ ਕੌਰ ਨੇ ਕਿਹਾ ਕਿ ਉਸ ਨੇ ਹੀ ਕੰਗਣਾ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਕੰਗਣਾ ਨੇ ਮਾਫੀ ਮੰਗੀ ਹੈ ਤੇ ਜੇਕਰ ਉਹ ਇਸ ਗੱਲ ਤੋਂ ਮੁਨਕਰ ਹੁੰਦੀ ਹੈ ਤਾਂ ਇਸ ਤੋਂ ਵੀ ਵੱਡੀ ਮਾਫੀ ਮੰਗਵਾਈ ਜਾਵੇਗੀ। ਬੀਬੀਆਂ ਨੇ ਕੰਗਣਾ ਨੂੰ ਚੁਣੌਤੀ ਦਿੱਤੀ ਕਿ ਰੋਪੜ ਜਿਲ੍ਹੇ ਵਿੱਚੋਂ ਜੇਕਰ ਉਹ ਮੁੜ ਲੰਘੀ ਤਾਂ ਹੁਣ ਨਾ ਸਿਰਫ ਘੇਰਾ ਪਾਇਆ ਜਾਵੇਗਾ, ਸਗੋਂ ਕੰਗਣਾ ਨੂੰ ਗੱਡੀ ਉੱਤੇ ਚੜ੍ਹਾ ਕੇ ਹੱਥ ਜੁੜਵਾ ਕੇ ਮਾਫੀ ਮੰਗਵਾਈ ਜਾਵੇਗੀ।
ਬੀਬੀਆਂ ਨੇ ਕਿਹਾ ਕਿ ਕਿਰਤੀ ਕਿਸਾਨ ਮੋਰਚਾ ਦੇ ਰੋਪੜ ਦੇ ਪ੍ਰਧਾਨ (Kirti Kisan Morcha President) ਵੀਰ ਸਿੰਘ ਦਾ ਸੁਚਨਾ ਤੰਤਰ ਇੰਨਾ ਵੱਡਾ ਹੈ ਕਿ ਪਤਾ ਚੱਲ ਗਿਆ ਸੀ ਕਿ ਕੰਗਣਾ ਆ ਰਹੀ ਹੈ ਤੇ ਕੀਰਤਪੁਰ ਸਾਹਿਬ ਵੱਲੋਂ ਪੰਜਾਬ ਦੀ ਹੱਦ ਵਿੱਚ ਐਂਟਰੀ ਕਰੇਗੀ ਤੇ ਉਨ੍ਹਾਂ ਸੂਚਨਾ ਮਿਲਣ ’ਤੇ ਵਿਊਂਤਬੰਦੀ ਨਾਲ ਕੰਗਣਾ ਦੀ ਗੱਡੀ ਘੇਰ ਲਈ ਤੇ ਮਾਫੀ ਮੰਗਵਾ ਕੇ ਹੀ ਉਸ ਦਾ ਖਹਿੜਾ ਛੱਡਿਆ। ਬੀਬੀ ਜਰਨੈਲ ਕੌਰ ਦੇ ਨਾਲ ਹੋਰ ਬੀਬੀਆਂ ਵੀ ਮੌਜੂਦ ਸਨ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਕੰਗਣਾ ਨੇ ਕਿਹਾ ਸੀ ਕਿ 100-100 ਰੁਪਏ ਲੈ ਕੇ ਮਹਿਲਾਵਾਂ ਕਿਸਾਨ ਧਰਨੇ ’ਤੇ ਬੈਠੀਆਂ ਹਨ ਤੇ ਅਸੀਂ ਕੰਗਣਾ ਨੂੰ ਵੱਧ ਪੈਸੇ ਦਿਂਦੀਆਂ ਹਾਂ, ਉਹ ਸਿਰਫ ਇੱਕ ਘੰਟਾ ਹੀ ਅੰਦੋਲਨ ’ਤੇ ਬੈਠ ਕੇ ਵਿਖਾਏ।
ਕਿਸਾਨ ਬੀਬੀਆਂ ਨੇ ਕਿਹਾ ਕਿ ਕੰਗਣਾ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਤੇ ਮੋਦੀ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ ਤੇ ਕਿਸਾਨਾਂ ਦੇ ਅੰਦੋਲਨ (Kisan Andolan) ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਜੇ ਕੰਗਣਾ ਤੋਂ ਛੋਟੀ ਮਾਫੀ ਮੰਗਵਾਈ ਹੈ ਤੇ ਜੇਕਰ ਉਹ ਅੱਗੇ ਨੂੰ ਅਜਿਹਾ ਕਰਦੀ ਹੈ ਤਾਂ ਵੱਡੀ ਮਾਫੀ ਮੰਗਵਾਈ ਜਾਵੇਗੀ। ਉਨ੍ਹਾਂ ਕੰਗਣਾ ਨੂੰ ਇਹ ਵੀ ਕਿਹਾ ਕਿ ਜੇਕਰ ਉਹ ਮੋਦੀ ਨਾਲ ਰਹੇਗੀ ਤਾਂ ਉਸ ਦਾ ਇਹੋ ਹਾਲ ਹੋਵੇਗਾ।
ਇਹ ਵੀ ਪੜ੍ਹੋ:ਮੈਂ ਨਹੀਂ ਮੰਗੀ ਸੀ ਕੋਈ ਮੁਆਫ਼ੀ, ਅਫਵਾਹ ਨਾ ਫੈਲਾਓ: ਕੰਗਨਾ