ਨਵੀਂ ਦਿੱਲੀ: 8 ਮਾਰਚ ਨੂੰ ਵਿਸ਼ਵ ਭਰ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੋਕ ਸਭਾ 'ਚ ਅਕਾਲੀ ਆਗੂ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮਹਿੰਗਾਈ ਦਾ ਮੁੱਦਾ ਚੁੱਕਿਆ।
ਲੋਕ ਸਭਾ 'ਚ ਬੋਲਦੀਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਉੱਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਉਹ ਮਹਿਲਾਵਾਂ ਦੇ ਮੁੱਦੇ ਚੁੱਕਣੇ ਚਾਹੁੰਦੇ ਹਨ। ਉਨ੍ਹਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਤੇ ਰਸੋਈ ਗੈਸ ਦੀਆਂ ਕੀਮਤਾਂ ਵਧਾਏ ਜਾਣ ਬਾਰੇ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਰਸੋਈ ਗੈਸ ਤੇ ਮਹਿੰਗਾਈ ਵੱਧਣ ਨਾਲ ਘਰਾਂ ਦਾ ਬਜਟ ਵਿਗੜ ਗਿਆ ਹੈ, ਜਿਸ ਕਾਰਨ ਮਹਿਲਾਵਾਂ ਨੂੰ ਘਰ ਚਲਾਉਣ ਲਈ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਘੱਟਣ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਜਾ ਰਿਹਾ ਹੈ ਜੋ ਕਿ ਗ਼ਲਤ ਹੈ।
ਇਸ ਦੌਰਾਨ ਉਨ੍ਹਾਂ ਵਿਰੋਧ ਕਰ ਰਹੇ ਕਾਂਗਰਸੀ ਆਗੂਆਂ ਨੂੰ ਵੀ ਆੜੇ ਹੱਥੀ ਲਿਆ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸਭ ਤੋਂ ਜ਼ਿਆਦਾ ਵੈਟ ਟੈਕਸ ਵਸੂਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ 'ਤੇ ਵੀ ਵੱਧ ਟੈਕਸ ਵਸੂਲੀਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਹਿਲਾਂ ਆਪਣੀ ਸੱਤਾ ਵਾਲੇ ਸੂਬਿਆਂ 'ਚ ਵੈਟ ਟੈਕਸ ਘਟਾਵੇ ਤੇ ਉਸ ਮਗਰੋਂ ਕੇਂਦਰ ਨੂੰ ਕਹੇ।