ਗੁਰੂਗ੍ਰਾਮ: ਹਰਿਆਣਾ ਦੇ ਗੁਰੂਗ੍ਰਾਮ ਦੀ ਮਾਡਲ ਦਿਵਿਆ ਪਾਹੂਜਾ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਕਤਲ ਕੇਸ ਵਿੱਚ 9 ਦਿਨਾਂ ਤੋਂ ਫ਼ਰਾਰ ਮੁਲਜ਼ਮ ਬਲਰਾਜ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਲਰਾਜ ਗਿੱਲ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਬਲਰਾਜ ਗਿੱਲ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਿਹਾ ਸੀ।
ਦਿਵਿਆ ਪਾਹੂਜਾ ਕਤਲ ਕਾਂਡ 'ਚ ਦੋਸ਼ੀ ਬਲਰਾਜ ਗਿੱਲ ਗ੍ਰਿਫਤਾਰ: ਤੁਹਾਨੂੰ ਦੱਸ ਦੇਈਏ ਕਿ 9 ਦਿਨ ਪਹਿਲਾਂ ਹੋਏ ਮਾਡਲ ਦਿਵਿਆ ਪਾਹੂਜਾ ਕਤਲ ਕਾਂਡ 'ਚ ਮੁੱਖ ਮੁਲਜ਼ਮ ਅਭਿਜੀਤ ਨੇ ਬਲਰਾਜ ਗਿੱਲ ਅਤੇ ਰਵੀ ਬੰਗਾ ਦਾ ਸਹਾਰਾ ਲੈ ਕੇ ਉਸ ਦੀ ਲਾਸ਼ ਦਾ ਨਿਪਟਾਰਾ ਕੀਤਾ ਸੀ। ਬਲਰਾਜ ਗਿੱਲ ਮੁੱਖ ਮੁਲਜ਼ਮ ਅਭਿਜੀਤ ਦਾ ਦੋਸਤ ਹੈ ਜੋ ਕਤਲ ਤੋਂ ਬਾਅਦ ਦਿਵਿਆ ਦੀ ਲਾਸ਼ ਨੂੰ ਬੀ.ਐਮ.ਡਬਲਯੂ ਕਾਰ ਵਿੱਚ ਰੱਖ ਕੇ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਪਟਿਆਲਾ ਬੱਸ ਸਟੈਂਡ ਨੇੜਿਓਂ ਬੀਐਮਡਬਲਿਊ ਕਾਰ ਬਰਾਮਦ ਕਰ ਲਈ ਸੀ ਪਰ ਅਜੇ ਤੱਕ ਦਿਵਿਆ ਪਾਹੂਜਾ ਦੀ ਲਾਸ਼ ਬਰਾਮਦ ਨਹੀਂ ਹੋਈ। ਗੁਰੂਗ੍ਰਾਮ ਪੁਲਿਸ ਦਿਵਿਆ ਪਾਹੂਜਾ ਦੀ ਲਾਸ਼ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਜਲਦ ਹੀ ਹੋ ਸਕਦੀ ਹੈ ਲਾਸ਼ ਬਰਾਮਦ : ਗੁਰੂਗ੍ਰਾਮ ਦੇ ਏਸੀਪੀ ਕ੍ਰਾਈਮ ਵਰੁਣ ਦਹੀਆ ਨੇ ਕਿਹਾ ਕਿ ਬਲਰਾਜ ਗਿੱਲ ਦੀ ਗ੍ਰਿਫਤਾਰੀ ਨਾਲ ਉਮੀਦ ਹੈ ਕਿ ਜਲਦ ਹੀ ਗੁਰੂਗ੍ਰਾਮ ਪੁਲਿਸ ਦਿਵਿਆ ਪਾਹੂਜਾ ਦੀ ਲਾਸ਼ ਵੀ ਬਰਾਮਦ ਕਰ ਲਵੇਗੀ। ਹਾਲਾਂਕਿ ਇਸ ਕਤਲ ਕਾਂਡ ਦਾ ਇੱਕ ਹੋਰ ਮੁਲਜ਼ਮ ਰਵੀ ਬੰਗਾ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਪੱਛਮੀ ਬੰਗਾਲ ਏਅਰਪੋਰਟ ਤੋਂ ਗ੍ਰਿਫਤਾਰ: ਕ੍ਰਾਈਮ ਬ੍ਰਾਂਚ ਨੇ ਬਲਰਾਜ ਗਿੱਲ ਨੂੰ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਕੀਤਾ ਹੈ। ਗੁਰੂਗ੍ਰਾਮ ਦੇ ਏਸੀਪੀ ਕ੍ਰਾਈਮ ਵਰੁਣ ਦਹੀਆ ਨੇ ਦੱਸਿਆ ਕਿ ਬਲਰਾਜ ਗਿੱਲ ਨੂੰ ਕੋਲਕਾਤਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਗੁਰੂਗ੍ਰਾਮ ਲਿਆਂਦਾ ਜਾ ਰਿਹਾ ਹੈ। ਉਸ ਤੋਂ ਬਾਅਦ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਲਰਾਜ ਗਿੱਲ ਦੀ ਗ੍ਰਿਫ਼ਤਾਰੀ ਨਾਲ ਇਸ ਕਤਲ ਕਾਂਡ ਦਾ ਭੇਤ ਜਲਦੀ ਹੱਲ ਹੋਣ ਦੀ ਉਮੀਦ ਹੈ।
ਪੁਲਿਸ ਨੇ ਰੱਖਿਆ ਸੀ 50 ਹਜ਼ਾਰ ਰੁਪਏ ਦਾ ਇਨਾਮ : ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 9 ਦਿਨਾਂ ਤੋਂ ਗੁਰੂਗ੍ਰਾਮ ਪੁਲਿਸ ਦੀ ਟੀਮ ਬਲਰਾਜ ਗਿੱਲ ਅਤੇ ਰਵੀ ਬੰਗਾ ਨੂੰ ਫੜਨ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਸੀ। ਬਲਰਾਜ ਗਿੱਲ ਅਤੇ ਰਵੀ ਬੰਗਾ 'ਤੇ 50-50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ। ਗੁਰੂਗ੍ਰਾਮ ਪੁਲਿਸ ਨੇ ਉਸ ਦੇ ਵਿਦੇਸ਼ ਭੱਜਣ ਦੀ ਸੰਭਾਵਨਾ ਦੇ ਵਿਚਕਾਰ ਇੱਕ ਦਿਨ ਪਹਿਲਾਂ ਉਸ ਲਈ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਸੀ। ਅਖੀਰ ਪੁਲਿਸ ਟੀਮ ਨੇ ਬਲਰਾਜ ਗਿੱਲ ਨੂੰ ਗ੍ਰਿਫਤਾਰ ਕਰ ਲਿਆ।