ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦਾ (Guru Nanak Dev Ji) ਜਨਮ ਅਜੋਕੇ ਇਤਿਹਾਸਕਾਰਾਂ ਮੁਤਾਬਕ 15 ਅਪ੍ਰੈਲ 1469 ਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਕੱਤਕ ਮਹੀਨੇ ਦੀ ਪੁੰਨਿਆ ਵਾਲੇ ਦਿਨ ਹੋਇਆ ਸੀ। ਉਨ੍ਹਾਂ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਕਲਿਆਣ ਜੀ, ਜਿਨ੍ਹਾਂ ਨੂੰ ਮਹਿਤਾ ਕਾਲੂ ਕਿਹਾ ਜਾਂਦਾ ਹੈ, ਦੇ ਘਰ ਮਾਤਾ ਤ੍ਰਿਪਤਾ ਦੇਵੀ ਦੀ ਕੁੱਖੋਂ ਪਾਕਿਸਤਾਨ ’ਚ ਰਾਵੀ ਨਦੀ ਦੇ ਕੰਡੇ ਵਸੇ ਪਿੰਡ ਤਲਵੰਡੀ ਵਿਖੇ ਹੋਇਆ ਸੀ। ਉਨ੍ਹਾਂ ਜੇ ਜਨਮ ਦਿਹਾੜੇ ਨੂੰ ਪ੍ਰਕਾਸ਼ ਪੁਰਬ ਦੇ ਤੌਰ ’ਤੇ ਮਨਾਇਆ (Guru Nanak Jayanti 2022) ਜਾਂਦਾ ਹੈ।
ਇਹ ਵੀ ਪੜੋ: ਖ਼ਾਸ ਹੈ ਗੁਰਦੁਆਰਾ ਕੋਠੜੀ ਸਾਹਿਬ ਦਾ ਇਤਿਹਾਸ, ਗੁਰੂ ਸਾਹਿਬ ਨੇ ਦਿਖਾਏ ਸਨ ਅਲੌਕਿਕ ਕੌਤਕ
ਬਚਪਨ ਤੋਂ ਹੀ ਇਲਾਹੀ ਰੂਪ ਸੀ: ਸਿੱਖ ਧਰਮ ਦੀਆਂ ਮਾਨਤਾਵਾਂ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਇਲਾਹੀ ਰੂਪ ’ਚ ਰਹੇ ਤੇ ਉਨ੍ਹਾਂ ਆਪਣੀ ਭੈਣ ਬੇਬੇ ਨਾਨਕੀ ਤੋਂ ਕਾਫੀ ਕੁਝ ਸਿੱਖਿਆ। ਥੋੜੇ ਵੱਡੇ ਹੋਏ ਤਾਂ ਪਿਤਾ ਨੇ 20 ਰੁਪਏ ਦੇ ਕੇ ਕਾਰੋਬਾਰ ਕਰਨ ਲਈ ਭੇਜ ਦਿੱਤਾ ਪਰ ਉਹ ਸਾਧੂਆਂ ਨੂੰ ਭੋਜਨ ਛਕਾ ਕੇ ਘਰ ਪਰਤ ਆਏ ਤੇ ਇਸ ਨੂੰ ਉਨ੍ਹਾਂ ਸੱਚਾ ਸੌਦਾ ਦਾ ਨਾਮ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤਾ ਭੋਜਨ ਅੱਜ ਤੱਕ ਸਿੱਖ ਧਰਮ ਦੇ ਲੰਗਰ ਦੇ ਰੂਪ ਵਿੱਚ ਪ੍ਰਫੁੱਲਤ (Guru Nanak Jayanti 2022) ਹੋਇਆ।
ਗੁਰੂ ਜੀ ਨੇ ਸਾਦਾ ਜੀਵਨ ਬਤੀਤ ਕੀਤਾ: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿੱਚ 16 ਸਾਲ ਵਿੱਚ ਹੀ ਲੱਖੋ ਕੀ ਗੁਰਦਾਸਪੁਰ ਵਾਸੀ ਬੀਬੀ ਸੁਲੱਖਣੀ ਨਾਲ ਹੋਇਆ ਤੇ ਦੋ ਬੇਟੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਚੰਦ ਨੇ ਉਨ੍ਹਾਂ ਦੇ ਘਰੋਂ ਜਨਮ ਲਿਆ। ਬੇਟਿਆਂ ਦੇ ਜਨਮ ਤੋਂ ਬਾਅਦ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਲੰਮੀਆਂ ਤੀਰਥ ਯਾਤਰਾਵਾਂ ’ਤੇ ਨਿਕਲ ਗਏ ਤੇ ਉਨ੍ਹਾਂ ਦੇ ਨਾਲ ਭਾਈ ਮਰਦਾਨਾ, ਲਹਿਣਾ ਜੀ, ਭਾਈ ਬਾਲਾ ਤੇ ਭਾਈ ਰਾਮਦਾਸ ਵੀ ਗਏ ਸੀ। ਸਾਲ 1521 ਤੱਕ ਉਨ੍ਹਾਂ ਯਾਤਰਾਵਾਂ (ਉਦਾਸੀਆਂ) ਕੀਤੀਆਂ ਤੇ ਸਾਰਿਆਂ ਨੂੰ ਸਮਾਜਕ ਕੁਰੀਤੀਆਂ ਵਿਰੁੱਧ ਉਪਦੇਸ਼ ਦਿੱਤਾ ਤੇ ਇਸੇ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੱਡਾ ਸਮਾਜ ਸੁਧਾਰਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਭਾਰਤ, ਅਫਗਾਨੀਸਤਾਨ ਤੇ ਅਰਬ ਦੀਆਂ ਕਈ ਥਾਵਾਂ ਦੀਆਂ ਯਾਤਰਾਵਾਂ ਕੀਤੀਆਂ।
ਮੂਰਤੀ ਪੂਜਾ ਦਾ ਖੰਡਨ ਕੀਤਾ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿਸ਼ੇਸ਼ ਤੌਰ ’ਤੇ ਮੂਰਤੀ ਪੂਜਾ ਤੇ ਰੂੜੀਵਾਦੀ ਵਿਚਾਰ ਧਾਰਾ ਦੀ ਵਿਰੋਧਤਾ ਕੀਤੀ। ਉਨ੍ਹਾਂ ਮੱਕਾ ਤੇ ਮਦੀਨਾ ਵਿੱਚ ਵੀ ਕੌਤਕ ਵਰਤਾਏ, ਜਿਸ ਨਾਲ ਮੁਸਲਮਾਨ ਧਰਮ ਦੀਆਂ ਅੱਖਾਂ ਖੁੱਲ੍ਹ ਗਈਆਂ ਤੇ ਅੱਜ ਤੱਕ ਮੁਸਲਮਾਨ ਧਰਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਪੂਰੀ ਸ਼ਰਧਾ ਹੈ। ਉਨ੍ਹਾਂ ਆਪਣਾ ਅੰਤਮ ਸਮਾਂ ਪਾਕਿਸਤਾਨ ’ਚ ਮੌਜੂਦ ਕਰਤਾਰਪੁਰ ਸਾਹਿਬ ਵਿਖੇ ਬਿਤਾਇਆ ਤੇ 22 ਸਤੰਬਰ 1539 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਚੋਲਾ ਛੱਡ ਗਏ। ਭਾਵੇਂ ਉਹ ਜੋਤੀ ਜੋਤ ਸਮਾ ਗਏ ਪਰ ਤਿੰਨ ਮੂਲ ਸਿਧਾਂਤ ‘ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ’ਛੱਡ ਗਏ। ਉਨ੍ਹਾਂ ਨੇ ਭਾਈ ਲਹਿਣਾ ਨੂੰ ਗੁਰੂ ਗੱਦੀ ਦਿੱਤੀ, ਜਿਨ੍ਹਾਂ ਨੂੰ ਦੂਜੇ ਗੁਰੂ ਸਾਹਿਬ ਅੰਗਦ ਦੇਵ ਜੀ ਵਜੋਂ ਮੰਨਿਆ (Guru Nanak Gurpurab 2022) ਜਾਂਦਾ ਹੈ।
ਗੁਰੂ ਜੀ ਦੀਆਂ ਸਿੱਖਿਆਵਾਂ
ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ: ਗੁਰੂ ਨਾਨਕ ਦੇਵ ਜੀ ਨੇ ਪ੍ਰਮਾਤਮਾ ਦਾ ਨਾਮ ਜਪਣ ਦੀ ਸਿੱਖਿਆ ਦਿੱਤੀ ਤੇ ਨਾਲ ਹੀ ਕਿਹਾ ਕਿ ਸਾਰਿਆਂ ਨੂੰ ਦੱਸਾਂ ਨੌਹਾਂ ਦੀ ਕਿਰਤ ਕਰਨੀ ਚਾਹੀਦੀ ਹੈ ਤੇ ਵੰਡ ਕੇ ਛਕਣਾ ਚਾਹੀਦਾ ਹੈ।
ਮੂਰਤੀ ਪੂਜਾ ਦਾ ਖੰਡਨ: ਗੁਰੂ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਇਹ ਸਿੱਖਿਆ ਵੀ ਦਿੱਤੀ ਕਿ ਮੂਰਤੀ ਪੂਜਾ ਵਿੱਚ ਕੁਝ ਨਹੀਂ ਰੱਖਿਆ, ਕਿਉਂਕਿ ਪ੍ਰਮਾਤਮਾ ਕਣ-ਕਣ ਵਿੱਚ ਵਸਿਆ ਹੋਇਆ ਹੈ ਤੇ ਰੱਬ ਨੂੰ ਮੂਰਤੀ ਵਿੱਚੋਂ ਨਹੀਂ ਸਗੋਂ ਆਪਣੇ ਮਨਾਂ ਵਿੱਚੋਂ ਲੱਭਣ ਦੀ ਲੋੜ ਹੈ।
ਪ੍ਰਮਾਤਮਾ ਇੱਕ ਹੈ: ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਕਿ ਨਾ ਉਹ ਹਿੰਦੂ ਹਨ ਤੇ ਨਾ ਹੀ ਮੁਸਲਮਾਨ ਤੇ ਉਹ ਸਿਰਫ ਪ੍ਰਮਾਤਮਾ ਨੂੰ ਮੰਨਦੇ ਹਨ। ਇਸ ਗੱਲ ਤੋਂ ਭਾਵ ਹੈ ਕਿ ਰੱਬ ਇੱਕ ਹੈ ਤੇ ਸਿੱਖ ਧਰਮ ਮੁਤਾਬਕ ਪ੍ਰਮਾਤਮਾ ਕਣ-ਕਣ ਵਿੱਚ ਵਿਰਾਜਮਾਨ ਹੈ, ਉਸ ਦਾ ਕੋਈ ਆਕਾਰ ਨਹੀਂ ਹੈ, ਨਾ ਹੀ ਉਸ ਦਾ ਕੋਈ ਸਮਾਂ ਹੈ ਤੇ ਨਾ ਹੀ ਉਹ ਦਿਸਣ ਯੋਗ ਹੈ।
ਵਿਤਕਰੇ ਤੋਂ ਪਰਹੇਜ: ਗੁਰੂ ਨਾਨਕ ਦੇਵ ਜੀ ਨੇ ਵਿਤਕਰੇ ਤੋਂ ਮਨਾਹੀ ਕੀਤੀ। ਉਨ੍ਹਾਂ ਕਿਹਾ ਕਿ ਸਮਾਜਕ ਵੰਡ ਮਨੁੱਖ ਦੀ ਬਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਦੀ ਜਾਤ ਉਸ ਦੇ ਕੰਮਕਾਜ ਨਾਲ ਬਣੀ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜੋ ਤੁਸੀਂ ਬੀਜੋਗੇ, ਉਹੀ ਕੱਟੋਗੇ ਤੇ ਕਾਰਜ ਹੀ ਕਿਸੇ ਵਿਅਕਤੀ ਦਾ ਮੁੱਲ ਤੈਅ ਕਰਦਾ ਹੈ।
ਵਿਕਾਰਾਂ ਤੋਂ ਦੂਰ ਰਹੋ: ਗੁਰੂ ਜੀ ਨੇ ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ,ਮੋਹ ਅਤੇ ਹੰਕਾਰ ਤੋਂ ਦੂਰ ਰਹਿਣ ਦੀ ਗੱਲ ਕਹੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪੈਸੇ ਦਾ ਮੋਹ ਮੁਕਤੀ ਦੇ ਰਾਹ ਵਿੱਚ ਰੋੜਾ ਬਣਦਾ ਹੈ ਤੇ ਉਕਤ ਹੋਰ ਸਮਾਜਕ ਵਿਕਾਰ ਸੱਚ ਦੀ ਪ੍ਰਾਪਤੀ ਨਹੀਂ ਹੋਣ ਦਿੰਦੀ।
ਗੁਰੂ ਬਿਨਾ ਰੱਬ ਦੀ ਪ੍ਰਾਪਤੀ ਨਹੀਂ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਵਿੱਚ ਕਿਸੇ ਨੂੰ ਗੁਰੂ ਧਾਰਨ ਦੀ ਮਹੱਤਤਾ ਉਜਾਗਰ ਕੀਤੀ। ਉਨ੍ਹਾਂ ਕਿਹਾ ਸੀ ਕਿ ਤੀਰਥ ਯਾਤਰਾ, ਕਰਮ ਕਾਂਡਾਂ ਆਦਿ ਨਾਲ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਸਗੋਂ ਇਸ ਨੂੰ ਦਿਲ, ਧਿਆਨ ਤੇ ਆਤਮਾ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਗੁਰੂ ਤੋਂ ਬਿਨਾ ਕਿਸੇ ਨੰ ਰਾਹ ਨਹੀਂ ਦਿਸ ਸਕਦਾ।
ਸੇਵਾ ਹੀ ਮਨੁੱਖਤਾ ਦੀ ਪੁੰਜੀ ਹੈ: ਉਨ੍ਹਾਂ ਕਿਹਾ ਸੀ ਕਿ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਸੇਵਾ ਕਰੋਗੇ ਤਾਂ ਹੀ ਰੱਬ ਦੇ ਘਰ ਵਿਚ ਤੁਹਾਨੂੰ ਸਨਮਾਨਿਤ ਥਾਂ ਮਿਲੇਗੀ। ਸੰਕਟ ਵਿੱਚ ਲੋੜਵੰਦਾਂ ਦੀ ਮਦਦ ਕਰਨ ਦਾ ਸੁਨੇਹਾ ਵੀ ਗੁਰੂ ਜੀ ਨੇ ਦਿੱਤਾ ਸੀ। ਉਨ੍ਹਾਂ ਹਰੇਕ ਨੂੰ ਸਮਾਜ ਵਿੱਚ ਸੇਵਾ ਕਰਨ ਦੀ ਸਿੱਖਿਆ ਵੀ ਦਿੱਤੀ।
ਬਾਬਾ ਨਾਨਕ ਦੀਆਂ ਕੁਝ ਸਾਖੀਆਂ
ਸੱਚਾ ਸੌਦਾ: ਪਿਤਾ ਮਹਿਤਾ ਕਾਲੂ ਨੇ 20 ਰੁਪਏ ਦੇ ਕੇ ਗੁਰੂ ਜੀ ਨੂੰ ਵਪਾਰ ਕਰਨ ਭੇਜਿਆ ਪਰ ਉਹ ਭੁੱਖੇ ਸਾਧੂਆਂ ਨੂੰ ਖਾਣਾ ਖੁਆ ਕੇ ਘਰ ਆ ਗਏ। ਪਿਤਾ ਨੇ ਪੁੱਛਿਆ ਤਾਂ ਕਿਹਾ ਕਿ ਭੁੱਖਿਆਂ ਨੂੰ ਭੋਜਨ ਕਰਵਾਉਣ ਤੋਂ ਉਪਰ ਕੋਈ ਸੱਚਾ ਸੌਦਾ ਨਹੀਂ ਹੈ। ਇਹ ਇੱਕ ਪ੍ਰਥਾ ਬਣ ਗਈ ਤੇ ਅੱਜ ਤੱਕ ਲੰਗਰ ਚੱਲ ਰਿਹਾ ਹੈ।
ਕਰਤਾਰਪੁਰ ਖੇਤਾਂ ਨੂੰ ਪਾਣੀ ਦੇਣਾ: ਗੁਰੂ ਜੀ ਖੇਤਾਂ ਵੱਲ ਪਾਣੀ ਦੇ ਰਹੇ ਸੀ। ਕਿਸੇ ਨੇ ਪੁੱਛਿਆ ਕੀ ਕਰ ਰਹੇ ਹੋ ਤਾਂ ਜਵਾਬ ਦਿੱਤਾ ਕਿ ਕਰਤਾਰਪੁਰ ਸਾਹਿਬ ਖੇਤਾਂ ਨੂੰ ਪਾਣੀ ਦੇ ਰਿਹਾਂ ਹਾਂ। ਅੱਗਿਉਂ ਪੁੱਛਿਆ ਕਿ ਇੰਨੀ ਦੂਰ ਖੇਤਾਂ ਨੂੰ ਪਾਣੀ ਕਿਵੇਂ ਲੱਗੇਗਾ ਤਾਂ ਗੁਰੂ ਜੀ ਨੇ ਕਿਹਾ ਕਿ ਜਦੋਂ ਆਮ ਲੋਕ ਸੂਰਜ ਵੱਲ ਮੂੰਹ ਕਰਕੇ ਪਾਣੀ ਦੇ ਕੇ ਸੂਰਜ ਨੂੰ ਪਾਣੀ ਪਹੁੰਚਿਆ ਸਮਝਦੇ ਹਨ ਤਾਂ ਕਰਤਾਰਪੁਰ ਖੇਤਾਂ ਨੂੰ ਪਾਣੀ ਕਿਉਂ ਨਹੀਂ ਲੱਗ ਸਕਦਾ।
ਜਦੋਂ ਮੱਕਾ ਘੁੰਮ ਗਿਆ: ਗੁਰੂ ਜੀ ਮੱਕੇ ਵੱਲ ਪੈਰ ਕਰਕੇ ਪੈ ਗਏ। ਇੱਕ ਮੁਸਲਮਾਨ ਨੇ ਕਿਹਾ ਕਿ ਮੱਕਾ ਪਵਿੱਤਰ ਥਾਂ ਹੈ, ਉਸ ਵੱਲ ਪੈਰ ਨਹੀਂ ਕਰਨਾ ਚਾਹੀਦਾ। ਗੁਰੂ ਨਾਨਕ ਦੇਵ ਜੀ ਨੇ ਪੈਰ ਘੁਮਾਏ ਤਾਂ ਮੱਕਾ ਵੀ ਘੁੰਮ ਗਿਆ। ਇਸ ਕੌਤਕ ਨੂੰ ਵੇਖ ਕੇ ਮੁਸਲਮਾਨਾਂ ਨੇ ਗੁਰੂ ਜੀ ਨੂੰ ਪੀਰ ਮੰਨਿਆ।
ਮੋਦੀ ਖਾਨਾ: ਮੋਦੀ ਖਾਨੇ ਵਿੱਚ ਗੁਰੂ ਜੀ ਬਿਨਾ ਵੇਖੇ ਤੇਰਾ ਹੀ ਤੇਰਾ ਕਹਿੰਦੇ ਹੋਏ ਸੌਦਾ ਤੋਲਦੇ ਰਹੇ ਤੇ ਇਸੇ ਤਰ੍ਹਾਂ ਦਿੰਦੇ ਰਹੇ। ਮੋਦੀ ਖਾਨੇ ਵਿੱਚ ਫੇਰ ਵੀ ਕਦੇ ਸੌਦਾ ਖਤਮ ਨਹੀਂ ਹੋਇਆ। ਉਦੋਂ ਤੋਂ ‘ਤੇਰਾ ਹੀ ਤੇਰਾ’ ਸਿੱਖਿਆ ਸ਼ੁਰੂ ਹੋਈ ਤੇ ਇਹ ਸਿੱਖਿਆ ਮਿਲੀ ਕਿ ਪ੍ਰਮਾਤਮਾ ਦੇ ਘਰ ਕਿਸੇ ਚੀਜ ਦੀ ਥੋੜ੍ਹ ਨਹੀਂ ਹੈ।
ਮਲਿਕ ਭਾਗੋ ਸਾਖੀ: ਗੁਰੂ ਜੀ ਨੇ ਰਾਜਾ ਮਲਿਕ ਭਾਗੋ ਦੀ ਰੋਟੀ ਛੱਡ ਕੇ ਭਾਈ ਲਾਲੋ ਦੀ ਰੋਟੀ ਖਾਧੀ। ਇਸ ’ਤੇ ਮਲਿਕ ਭਾਗੋ ਨਾਰਾਜ਼ ਹੋ ਗਿਆ ਤੇ ਪੁੱਛਿਆ ਕਿ ਵੰਨ-ਸੁਵੰਨੇ ਪਕਵਾਨ ਛੱਡ ਕੇ ਭਾਈ ਲਾਲੋ ਦੀ ਰੋਟੀ ਕਿਉਂ ਖਾਧੀ ਤਾਂ ਗੁਰੂ ਨਾਨਕ ਦੇਵ ਜੀ ਨੇ ਦੋਵਾਂ ਦੀਆਂ ਰੋਟੀਆਂ ਫੜੀਆਂ ਤੇ ਲਾਲੋ ਦੀ ਰੋਟੀ ਵਿੱਚੋਂ ਦੁੱਧ ਤੇ ਮਲਿਕ ਭਾਗੋ ਦੀ ਰੋਟੀ ਵਿੱਚੋਂ ਖੂਨ ਨੁਚੜਨ ਲੱਗਿਆ। ਗੁਰੂ ਜੀ ਨੇ ਮਲਿਕ ਭਾਗੋ ਨੂੰ ਕਿਹਾ ਕਿ ਉਸ ਦੀ ਰੋਟੀ ਬੇਈਮਾਨੀ ਦੀ ਕਮਾਈ ਤੋਂ ਆਈ ਸੀ ਤੇ ਤਾਂ ਹੀ ਖੂਨ ਨੁਚੜਿਆ, ਜਦੋਂਕਿ ਭਾਈ ਲਾਲੋ ਦੱਸਾਂ ਨੌਹਾਂ ਦੀ ਕੁਰਤ ਕਰਦਾ ਹੈ।
ਇਹ ਵੀ ਪੜੋ: ਗੁਰੂ ਨਾਨਕ ਗੁਰਪੁਰਬ 2022: ਸੁਲਤਾਨਪੁਰ ਲੋਧੀ ਵਿਖੇ ਸੁਸ਼ੋਭਿਤ ਗੁਰਦੁਆਰਾ ਸੰਤ ਘਾਟ ਦਾ ਇਤਹਾਸ