ਸੋਨੀਪਤ: ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਦਾ ਅੰਦੋਲਨ ਤਕਰੀਬਨ 6 ਮਹੀਨੇ ਤੋਂ ਜਾਰੀ ਹੈ। ਸਯੁੰਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਸੂਬੇ ਭਰ ’ਚ ਭਾਜਪਾ ਅਤੇ ਉਸਦੇ ਸਹਿਯੋਗੀ ਦਲ ਜਨਨਾਇਕ ਜਨਤਾ ਪਾਰਟੀ ਦੇ ਲੀਡਰਾਂ ਦਾ ਕਿਸਾਨ ਵਿਰੋਧ ਕਰ ਰਹੇ ਹਨ।
ਐਤਵਾਰ ਨੂੰ ਇਸ ਲੜੀ ਤਹਿਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹਿਸਾਰ ’ਚ ਇੱਕ ਕੋਵਿਡ19 ਹਸਪਤਾਲ ਦਾ ਉਦਘਾਟਨ ਕਰਨ ਪਹੁੰਚੇ ਸਨ। ਜਿਵੇਂ ਹੀ ਇਸ ਦੀ ਸੂਚਨਾ ਕਿਸਾਨਾਂ ਨੂੰ ਮਿਲੀ ਤਾਂ ਭਾਰੀ ਗਿਣਤੀ ’ਚ ਕਿਸਾਨ ਉੱਥੇ ਇਕੱਠਾ ਹੋਣ ਲੱਗੇ। ਕਿਸਾਨਾਂ ਨੂੰ ਖਦੇੜਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਪ੍ਰਸ਼ਾਸ਼ਨ ਦੀ ਇਸ ਕਾਰਵਾਈ ’ਤੇ ਗੁਰਨਾਮ ਸਿੰਘ ਚੜੂਨੀ ਨੇ ਰੋਸ ਪ੍ਰਗਟਾਇਆ ਹੈ।
ਗੁਰਨਾਮ ਸਿੰਘ ਚੜੂਨੀ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਹਿਸਾਰ ’ਚ ਜਿਵੇਂ ਬੁਰੀ ਤਰ੍ਹਾਂ ਲਾਠੀਚਾਰਜ ਕੀਤਾ ਗਿਆ ਹੈ। ਉਸ ਦੌਰਾਨ ਸਾਡੇ ਵੀਰਾਂ ਅਤੇ ਭੈਣਾਂ ਨੂੰ ਸੱਟਾਂ ਲੱਗੀਆਂ ਹਨ। ਕਿਸਾਨਾਂ ’ਤੇ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਤੇ ਆਂਸੂ ਗੈਸ ਦੇ ਗੋਲੇ ਵੀ ਛੱਡੇ ਗਏ ਹਨ। ਉਨ੍ਹਾਂ ਕਿਹਾ ਕਿ ਸੈਂਕੜੇ ਲੋਕ ਜਖ਼ਮੀ ਹੋਏ ਹਨ ਅਤੇ ਸੈਂਕੜਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਚੜੂਨੀ ਨੇ ਕਿਹਾ ਕਿ ਜਦੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਕੱਠ ਕਰਨ ’ਤੇ ਪਾਬੰਦੀ ਹੈ ਤਾਂ ਉਹ ਹਸਪਤਾਲ ਦਾ ਉਦਘਾਟਨ ਕਰਨ ਕਿਉਂ ਆ ਰਹੇ ਹਨ। ਉਹ ਹਸਪਤਾਲ ਦਾ ਉਦਘਾਟਨ ਵੀਡੀਓ ਕਾਨਫ਼ਰਿੰਗ ਰਾਹੀਂ ਵੀ ਕਰ ਸਕਦੇ ਸਨ। ਚੜੂਨੀ ਨੇ ਕਿਹਾ ਕਿ ਇਹ ਲੋਕ ਜਾਣਬੁੱਝ ਕੇ ਪੰਗੇ ਲੈਣ ਆਉਂਦੇ ਹਨ ਤੇ ਬਾਅਦ ’ਚ ਕਹਿੰਦੇ ਹਨ ਕਿ ਕਿਸਾਨ ਕੋਰੋਨਾ ਫੈਲਾ ਰਹੇ ਹਨ।
ਕਿਸਾਨ ਆਗੂ ਚੜੂਨੀ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਅੱਗੇ ਕਿਹਾ ਕਿ ਪੂਰੇ ਦੇਸ਼ ’ਚ ਕਿਸਾਨ ਅੰਦੋਲਨ ਚੱਲ ਰਿਹਾ ਹੈ ਅਤੇ ਕਿਸਾਨ ਖ਼ਫਾ ਹੋਏ ਬੈਠੇ ਹਨ। ਆਖ਼ਰ ਇਹ ਸਾਡੇ ਜਖ਼ਮਾਂ ’ਤੇ ਨਮਕ ਛਿੜਕਣ ਕਿਉਂ ਆਉਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਅਸੀਂ ਸਾਰੇ ਇਨ੍ਹਾਂ ਦਾ ਮੁਕਾਬਲਾ ਕਰਾਂਗੇ। ਮਰ ਜਾਵਾਂਗੇ ਪਰ ਪਿੱਛੇ ਨਹੀਂ ਹਟਾਂਗੇ। ਚੜੂਨੀ ਨੇ ਕਿਹਾ ਕਿ ਅਸੀ ਗੋਲੀਆਂ ਵੀ ਖਾਵਾਂਗੇ ਤੇ ਲਾਠੀਆਂ ਵੀ।
ਇਹ ਵੀ ਪੜ੍ਹੋ: ਬੇਅਦਬੀ ਮੁੱਦੇ ’ਤੇ ਸਿੱਧੂ ਦਾ ਹੁਣ ਕੈਪਟਨ ਦੇ ਨਾਲ ਬਾਦਲਾਂ 'ਤੇ 'ਵੀਡੀਓ ਅਟੈਕ' !