ਚੰਡੀਗੜ੍ਹ: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸ਼ੁੱਕਰਵਾਰ ਨੂੰ ਮੁੜ 40 ਦਿਨ੍ਹਾਂ ਦੀ ਪੈਰੋਲ ਮਿਲ ਗਈ ਹੈ। ਅੱਜ 21 ਜਨਵਰੀ ਸ਼ਨੀਵਾਰ ਨੂੰ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਏ, ਜਿਸ ਤੋਂ ਬਾਅਦ ਉਹ ਸਖ਼ਤ ਸੁਰੱਖਿਆ ਹੇਠ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਲਈ ਰਵਾਨਾ ਹੋ ਗਏ।
ਇੰਸਟਾਗ੍ਰਾਮ 'ਤੇ ਕੀਤੀ ਪੋਸਟ: ਦੂਜੇ ਪਾਸੇ ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਹਨੀਪ੍ਰੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੇਟਸ ਵੀ ਅਪਲੋਡ ਕੀਤਾ ਅਤੇ ਰਾਮ ਰਹੀਮ ਨਾਲ ਆਪਣੀਆਂ ਤਸਵੀਰਾਂ ਵੀ ਅਪਲੋਡ ਕੀਤੀਆਂ ਹਨ। ਰਾਮ ਰਹੀਮ ਨੂੰ ਕੱਲ੍ਹ 40 ਦਿਨ੍ਹਾਂ ਦੀ ਪੈਰੋਲ ਮਿਲੀ ਸੀ। ਪਿਛਲੇ 54 ਦਿਨ੍ਹਾਂ ਵਿੱਚ ਦੂਜੀ ਵਾਰ ਜੇਲ੍ਹ ਤੋਂ ਬਾਹਰ ਆਏ ਹਨ। ਕਿਆਸ ਲਗਾਇਆ ਜਾ ਰਿਹਾ ਹੈ ਕਿ ਉਹ 25 ਜਨਵਰੀ ਨੂੰ ਸਿਰਸਾ ਡੇਰੇ 'ਚ ਆਉਣਗੇ। ਉਧਰ ਸਿਰਸਾ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਪੈਰੋਲ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਭੰਗੜੇ ਪਾਏ ਜਾ ਰਹੇ ਹਨ ਅਤੇ ਮਠਿਆਈਆਂ ਵੰਡੀਆਂ ਜਾ ਰਹੀਆਂ ਹਨ।
'ਅਸੀਂ ਕਦੇ ਵੀ ਦਖਲ ਨਹੀਂ ਦਿੱਤਾ ਅਤੇ ਨਾ ਹੀ ਦੇਵਾਂਗੇ': ਰਾਮ ਰਹੀਮ ਦੀ ਪੈਰੋਲ 'ਤੇ ਸੀਐਮ ਮਨੋਹਰ ਲਾਲ ਨੇ ਕਿਹਾ ਕਿ ਮੈਨੂੰ ਇਸ ਬਾਰੇ ਨਹੀਂ ਪਤਾ। ਜੇਕਰ ਪੈਰੋਲ ਦਿੱਤੀ ਗਈ ਹੈ, ਤਾਂ ਇਹ ਨਿਯਮਾਂ ਅਨੁਸਾਰ ਦਿੱਤੀ ਗਈ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਪੈਰੋਲ ਪ੍ਰਾਪਤ ਕਰਨ ਦਾ ਅਧਿਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਕਦੇ ਵੀ ਦਖਲ ਨਹੀਂ ਦਿੱਤਾ ਅਤੇ ਨਾ ਹੀ ਕਰਾਂਗੇ। ਹਰੇਕ ਨੂੰ ਪੈਰੋਲ ਲਈ ਅਰਜ਼ੀ ਦੇਣ ਦਾ ਅਧਿਕਾਰ ਹੈ।
25 ਜਨਵਰੀ ਦੇ ਮੱਦੇਨਜ਼ਰ ਮੰਗੀ ਸੀ ਪੈਰੋਲ: ਰਾਮ ਰਹੀਮ ਨੇ ਇਹ ਪੈਰੋਲ 25 ਜਨਵਰੀ ਦੇ ਮੱਦੇਨਜ਼ਰ ਮੰਗੀ ਸੀ। ਹਰਿਆਣਾ ਜੇਲ੍ਹ ਵਿਭਾਗ ਨੂੰ ਅਰਜ਼ੀ ਵਿੱਚ ਡੇਰਾ ਮੁਖੀ ਨੇ ਦੂਜੇ ਗੱਦੀਨਸ਼ੀਨ ਸ਼ਾਹ ਸਤਨਾਮ ਮਹਾਰਾਜ ਦੇ ਅਵਤਾਰ ਦਿਵਸ ਮੌਕੇ ਸ਼ਾਮਲ ਹੋਣ ਅਤੇ ਡੇਰੇ ਵਿੱਚ ਰਹਿਣ ਦੀ ਮਨਜੂਰੀ ਦੇਣ ਦੀ ਇੱਛਾ ਪ੍ਰਗਟਾਈ ਹੈ। ਡੇਰੇ ਵਿੱਚ ਇਸ ਦਿਨ ਭੰਡਾਰਾ ਅਤੇ ਸਤਿਸੰਗ ਦਾ ਆਯੋਜਨ ਕੀਤਾ ਜਾਵੇਗਾ। ਦੂਜੇ ਪਾਸੇ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਡੇਰੇ ਵਿੱਚ ਭਾਰੀ ਉਤਸ਼ਾਹ ਹੈ ਅਤੇ ਸਾਰੇ ਰਸਤਿਆਂ ਉੱਤੇ ਸਜ਼ਾਵਟ ਕੀਤੀ ਜਾ ਰਹੀ ਹੈ।
ਪਿਛਲੇ ਸਾਲ 25 ਨਵੰਬਰ ਨੂੰ ਖਤਮ ਹੋ ਗਈ ਸੀ 40 ਦਿਨ੍ਹਾਂ ਦੀ ਪੈਰੋਲ: ਦੱਸ ਦੇਈਏ ਕਿ ਡੇਰਾ ਮੁਖੀ ਦੀ ਆਖਰੀ 40 ਦਿਨ੍ਹਾਂ ਦੀ ਪੈਰੋਲ ਪਿਛਲੇ ਸਾਲ 25 ਨਵੰਬਰ ਨੂੰ ਖਤਮ ਹੋ ਗਈ ਸੀ। ਉਹ 14 ਅਕਤੂਬਰ ਨੂੰ ਰਿਹਾਈ ਤੋਂ ਬਾਅਦ ਉੱਤਰ ਪ੍ਰਦੇਸ਼ ਸਥਿਤ ਆਪਣੇ ਬਰਨਾਵਾ ਆਸ਼ਰਮ ਗਏ ਸੀ। ਇਸ ਤੋਂ ਪਹਿਲਾ ਵੀ ਅਕਤੂਬਰ-ਨਵੰਬਰ ਵਿੱਚ ਆਪਣੀ ਪਿਛਲੀ ਪੈਰੋਲ ਮਿਆਦ ਦੇ ਦੌਰਾਨ ਸਿਰਸਾ ਡੇਰਾ ਮੁਖੀ ਨੇ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਕਈ ਆਨਲਾਈਨ ‘ਸਤਿਸੰਗ’ ਕੀਤੇ, ਅਤੇ ਕਈ ਸ਼ਬਦ ਵੀ ਕੱਢੇ ਗਏ ਸੀ।
ਇਹ ਵੀ ਪੜ੍ਹੋ: ਬੰਦੀ ਸਿੰਘਾਂ ਦੇ ਵਕੀਲ ਨੇ ਕਰਤੇ ਵੱਡੇ ਖ਼ੁਲਾਸੇ, ਇਸ ਵਜ੍ਹਾ ਕਰਕੇ ਨਹੀਂ ਹੋ ਰਹੀ ਰਿਹਾਈ