ਉੱਤਰ ਪ੍ਰਦੇਸ਼ : ਯੂਪੀ ਦੇ ਫਰੂਖਾਬਾਦ ਜ਼ਿਲੇ ਦੇ ਕਯਾਮਗੰਜ 'ਚ ਜਦੋਂ ਲਾੜੇ ਦੀ ਬਾਰਾਤ ਬੇਰੰਗ ਵਾਪਸ ਪਰਤੀ ਤਾਂ, ਲਾੜੇ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਨੇ ਪੁਲਿਸ ਨੂੰ ਬਿਨਾਂ ਦੱਸੇ ਲਾਸ਼ ਦਾ ਸਸਕਾਰ ਕਰ ਦਿੱਤਾ। 21 ਮਾਰਚ ਨੂੰ ਕਯਾਮਗੰਜ ਕੋਤਵਾਲੀ ਖੇਤਰ ਦੇ ਸਲੇਮਪੁਰ ਤਿਲੀਆ ਪਿੰਡ ਤੋਂ ਇੱਕ ਨੌਜਵਾਨ ਦੀ ਬਰਾਤ ਜੌਨਪੁਰ ਦੇ ਸਦਰ ਕੋਤਵਾਲੀ ਦੇ ਹਮਜ਼ਾਪੁਰ ਪਿੰਡ ਗਈ।
ਉੱਥੇ ਬਾਰਾਤੀਆਂ ਦਾ ਸਵਾਗਤ ਕੀਤਾ ਗਿਆ ਅਤੇ ਭੋਜਨ ਵੀ ਕਰਾਇਆ ਗਿਆ, ਜਦੋਂ ਜੈਮਾਲਾ ਦਾ ਸਮਾਂ ਆਇਆ ਤਾਂ ਲਾੜੀ ਨੇ ਲਾੜੇ ਦੇ ਰੰਗ ਨੂੰ ਦੇਖ ਕੇ ਮਾਲਾ ਪਾਉਣ ਤੋਂ ਇਨਕਾਰ ਕਰ ਦਿੱਤਾ। ਲਾੜੀ ਨੇ ਕਿਹਾ, ਕੁਝ ਵੀ ਹੋ ਜਾਵੇ, ਮੈਂ ਇਸ ਮੁੰਡੇ ਨਾਲ ਵਿਆਹ ਨਹੀਂ ਕਰਾਂਗੀ। ਇਹ ਸੁਣ ਕੇ ਸਾਰੇ ਬਾਰਾਤੀ ਹੈਰਾਨ ਰਹਿ ਗਏ।
ਲਾੜੀ ਨੂੰ ਮਨਾਉਣ ਲਈ ਲਾੜੇ ਵਾਲੇ ਪਾਸੇ ਦੇ ਕੁਝ ਲੋਕ ਉੱਥੇ ਹੀ ਰੁਕ ਗਏ ਅਤੇ ਪੰਚਾਇਤ ਚੱਲਦੀ ਰਹੀ। ਪਰ, ਲਾੜੀ ਵਿਆਹ ਲਈ ਤਿਆਰ ਨਹੀਂ ਹੋਈ। ਇਸ ਉੱਤੇ ਵੀਰਵਾਰ ਰਾਤ ਨੂੰ ਬਰਾਤ ਵਾਪਸ ਪਰਤ ਆਈ।
ਲਾੜੇ ਦੇ ਪੱਖ ਦੇ ਲੋਕਾਂ ਨੇ ਦੱਸਿਆ ਕਿ ਨੌਜਵਾਨ ਵੱਲੋਂ ਬਰਾਤ ਅਤੇ ਹੋਰ ਕਈ ਰਸਮਾਂ ਵਿੱਚ ਵੀ ਕਾਫੀ ਪੈਸਾ ਖ਼ਰਚ ਕੀਤਾ ਗਿਆ ਸੀ। ਨੌਜਵਾਨ ਲਾੜੀ ਦੇ ਬਿਨਾਂ ਵਾਪਸ ਆਉਣ ਦਾ ਸਦਮਾ ਬਰਦਾਸ਼ਤ ਨਾ ਕਰ ਸਕਿਆ। ਸ਼ੁੱਕਰਵਾਰ ਦੇਰ ਸ਼ਾਮ ਨੌਜਵਾਨ ਨੇ ਘਰ ਦੇ ਇੱਕ ਕਮਰੇ ਵਿੱਚ ਫਾਹਾ ਲੈ ਲਿਆ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਫਾਹੇ ਨਾਲ ਲਟਕਦਾ ਦੇਖਿਆ ਤਾਂ ਹੜਕੰਪ ਮੱਚ ਗਿਆ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤੇ ਬਿਨਾਂ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਅੰਤਿਮ ਸੰਸਕਾਰ ਕਰ ਦਿੱਤਾ।
ਇਹ ਵੀ ਪੜ੍ਹੋ: ਤਾਮਿਲਨਾਡੂ: ਅਧਿਕਾਰੀ ਨੇ ਤਿੰਨ ਵੱਖ-ਵੱਖ ਧਾਰਮਿਕ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ