ਨਵੀਂ ਦਿੱਲੀ : 13 ਰਾਜਾਂ ਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਰਾਜਪਾਲ ਤੇ ਲੈਫਟੀਨੈਂਟ ਗਵਰਨਰ ਬਦਲੇ ਜਾਣ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦਾ ਐਲਾਨ ਅੱਜ ਯਾਨੀ ਐਤਵਾਰ ਨੂੰ ਕੀਤਾ ਗਿਆ ਹੈ। ਕੁਝ ਨਵੇਂ ਰਾਜਪਾਲਾਂ ਦੀ ਨਿਯੁਕਤੀ ਕੀਤੀ ਗਈ ਹੈ। ਇਨ੍ਹਾਂ ਵਿੱਚ ਭਾਜਪਾ ਦੇ ਵੱਡੇ ਨੇਤਾ ਗੁਲਾਬ ਚੰਦ ਕਟਾਰੀਆ ਨੂੰ ਅਸਮ ਦਾ ਰਾਜਪਾਲ ਬਣਾਇਆ ਗਿਆ ਹੈ।
ਰਾਜਸਥਾਨ ਦੇ ਵਿਰੋਧ ਧਿਰ ਨੇਤਾ ਤੇ ਭਾਜਪਾ ਦੇ ਸੀਨੀਅਰ ਨੇਤਾ ਗੁਲਾਬ ਚੰਦ ਕਟਾਰੀਆ ਨੂੰ ਅਸਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਭਾਜਪਾ ਦੇ ਲਕਸ਼ਮਣ ਪ੍ਰਸਾਦ ਆਚਾਰਿਆ, ਸ਼ਿਵ ਪ੍ਰਤਾਪ ਸ਼ੁਕਲਾ, ਸੀ ਪੀ ਰਾਧਾਕ੍ਰਿਸ਼ਨਨ ਨੂੰ ਕ੍ਰਮਵਾਰ ਸਿੱਕਮ, ਹਿਮਾਚਲ ਪ੍ਰਦੇਸ਼, ਝਾਰਖੰਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਐਸ. ਅਬਦੁਲ ਨਜ਼ੀਰ ਨੂੰ ਆਂਧਰਾ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਹੈ।
ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਆਰੀ ਦੇ ਅਸਤੀਫੇ ਦੀਆਂ ਖ਼ਬਰਾਂ ਸਾਹਮਣੇ ਆਈਆਂ। ਕੁਝ ਦੇਰ ਬਾਅਦ ਹੀ ਉਨ੍ਹਾਂ ਦਾ ਅਸਤੀਫਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਮੰਨਜ਼ੂਰ ਕੀਤੇ ਜਾਣ ਦੀ ਖਬਰ ਵੀ ਆਈ। ਉੱਥੇ ਹੀ, 13 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜਪਾਲ ਤੇ ਉਪ ਰਾਜਪਾਲਾਂ ਦੇ ਬਦਲੇ ਜਾਣ ਦੀ ਜਾਣਕਾਰੀ ਸਾਂਝੀ ਕੀਤੀ ਗਈ। ਰਾਸ਼ਟਰਪਤੀ ਵੱਲੋਂ ਨਿਯੁਕਤ ਕੀਤੇ ਗਏ ਰਾਜਪਾਲ ਅਤੇ ਉਪ ਰਾਜਪਾਲ ਦੀ ਸੂਚੀ ਕੁਝ ਇਸ ਤਰ੍ਹਾਂ ਹੈ -
- ਲੈਫਟੀਨੈਂਟ ਜਨਰਲ ਕੈਵਲਿਆ ਤ੍ਰਿਵਿਕਰਮ ਪਰਨਾਈਕ, ਰਾਜਪਾਲ, ਅਰੁਣਾਂਚਲ ਪ੍ਰਦੇਸ਼
- ਲਕਸ਼ਮਣ ਪ੍ਰਸਾਦ ਆਚਾਰਿਆ, ਰਾਜਪਾਲ, ਸਿੱਕਮ
- ਸੀ ਪੀ ਰਾਧਾਕ੍ਰਿਸ਼ਨਨ, ਰਾਜਪਾਲ, ਝਾਰਖੰਡ
- ਸ਼ਿਵ ਪ੍ਰਤਾਪ ਸ਼ੁਕਲਾ, ਰਾਜਪਾਲ, ਹਿਮਾਚਲ ਪ੍ਰਦੇਸ਼
- ਗੁਲਾਬ ਚੰਦ ਕਟਾਰੀਆ, ਰਾਜਪਾਲ, ਅਸਮ
- ਰਿਟਾਇਰਡ ਜਸਟਿਸ ਐਸ. ਅਬਦੁਲ ਨਜ਼ੀਰ, ਰਾਜਪਾਲ, ਆਂਧਰਾ ਪ੍ਰਦੇਸ਼
- ਬਿਸਵਾ ਭੂਸ਼ਣ ਹਰਿਚੰਦਨ, ਰਾਜਪਾਲ, ਛਤੀਸਗੜ੍ਹ
- ਅਨੁਸੁਈਆ ਉਈਕੇ, ਰਾਜਪਾਲ, ਮਣੀਪੁਰ
- ਐਲ. ਗਣੇਸ਼ਨ, ਰਾਜਪਾਲ, ਨਾਗਾਲੈਂਡ
- ਫਾਗੂ ਚੌਹਾਨ, ਰਾਜਪਾਲ, ਮੇਘਾਲਿਆ
- ਰਾਜੇਂਦਰ ਵਿਸ਼ਵਨਾਥ ਆਰਲੇਕਰ, ਰਾਜਪਾਲ, ਬਿਹਾਰ
- ਰਮੇਸ਼ ਬੈਸ, ਰਾਜਪਾਲ, ਮਹਾਰਾਸ਼ਟਰ
- ਬ੍ਰਿਗੇਡੀਅਰ (ਰਿਟਾਇਰਡ) ਬੀਡੀ ਮਿਸ਼ਰਾ, ਉਪ ਰਾਜਪਾਲ, ਲਦਾਖ
ਕੈਪਟਨ ਅਮਰਿੰਦਰ ਸਿੰਘ ਨੂੰ ਰਾਜਪਾਲ ਨਿਯੁਕਤ ਕੀਤੇ ਜਾਣ ਦੀ ਚਰਚਾ: ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਸਰਕਾਰ ਵੱਲੋਂ ਮਹਾਰਾਸ਼ਟਰ ਦਾ ਰਾਜਪਾਲ ਨਿਯੁਕਤ ਕੀਤੇ ਜਾਣ ਦੀਆਂ ਚਰਚਾਵਾਂ ਸਨ। ਪੰਜਾਬ ਵਿੱਚ ਕਾਂਗਰਸ ਸਰਕਾਰ ਵਿੱਚ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਤੋਂ ਵੱਖ ਹੋਏ ਸਨ। ਇਸ ਤੋਂ ਬਾਅਦ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ: 36 Headmasters Returned for Punjab: ਸਿੰਗਾਪੁਰ ਤੋਂ ਪਰਤੇ 36 ਮੁੱਖ ਅਧਿਆਪਕ, ਸਿੱਖਿਆ ਕ੍ਰਾਂਤੀ ਦੇ ਨਵੇਂ ਯੁੱਗ ਦੀ ਹੋਈ ਸ਼ੁਰੂਆਤ