ਸ੍ਰੀਨਗਰ: ਜੰਮੂ ਕਸ਼ਮੀਰ ਦੇ ਨਗਰੋਟਾ ਖੇਤਰ ਵਿੱਚ ਵੀਰਵਾਰ ਸਵੇਰੇ ਚੱਲੇ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਟਰੱਕ ਵਿੱਚ ਲੁਕੇ ਹੋਏ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਸੀਨੀਅਰ ਅਧਿਕਾਰੀਆਂ ਦੀ ਜਾਣਕਾਰੀ ਮੁਤਾਬਿਕ ਪੁਲਿਸ, ਸੀਆਰਐਫ਼ ਅਤੇ ਫ਼ੌਜ ਦੇ ਸਾਂਝੇ ਆਪਰੇਸ਼ਨ ਵਿੱਚ ਬਾਨ ਟੋਲ ਪਲਾਜ਼ਾ ਵਿਖੇ ਇੱਕ ਮੁਕਾਬਲੇ ਦੌਰਾਨ ਚਾਰ ਅੱਤਵਾਦੀ ਮਾਰੇ ਗਏ ਤੇ ਇੱਕ ਪੁਲਿਸ ਕਾਂਸਟੇਬਲ ਜ਼ਖ਼ਮੀ ਹੋ ਗਿਆ।
ਆਈਜੀ ਮੁਕੇਸ਼ ਸਿੰਘ ਨੇ ਇਸ ਸਮੁੱਚੀ ਘਟਨਾ ਬਾਰੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਦੱਸਿਆ ਕਿ ਅੱਤਵਾਦੀਆਂ ਕੋਲ ਦੋ ਤੋਂ ਤਿੰਨ ਵੱਡੇ ਹਥਿਆਰ ਸਨ। ਅੱਤਵਾਦੀਆਂ ਕੋਲੋਂ 11 ਏ ਕੇ 47 ਰਾਈਫ਼ਲਾਂ, 3 ਪਿਸਤੌਲ, 29 ਗ੍ਰਨੇਡ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੌਰਾਨ ਚਾਰੇ ਅੱਤਵਾਦੀ ਮਾਰੇ ਗਏ।
ਪੁਲਿਸ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਉਨ੍ਹਾਂ ਨੇ ਕੁਝ ਵੱਡਾ ਕਰਨ ਦੇ ਇਰਾਦੇ ਨਾਲ ਘੁਸਪੈਠ ਕੀਤੀ ਸੀ ਅਤੇ ਕਸ਼ਮੀਰ ਘਾਟੀ ਵੱਲ ਜਾ ਰਹੇ ਸਨ।
ਆਈਜੀ ਮੁਕੇਸ਼ ਸਿੰਘ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਡੀਡੀਸੀ ਚੋਣਾਂ ਤੋਂ ਸੁਚੇਤ ਹਾਂ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਚੋਣਾਂ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਉਨ੍ਹਾਂ ਕਿਹਾ ਕਿ ਹਥਿਆਰਾਂ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਸਾਰੇ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਹੋ ਸਕਦੇ ਹਨ। ਹਾਲਾਂਕਿ, ਅਜੇ ਤੱਕ ਕੋਈ ਪੱਕੀ ਜਾਣਕਾਰੀ ਨਹੀਂ ਹੈ।
ਆਈਜੀ ਨੇ ਕਿਹਾ ਕਿ ਭਾਵੇਂ ਇਹ ਅੱਤਵਾਦੀ ਪਾਕਿਸਤਾਨੀ ਸਨ ਜਾਂ ਨਹੀਂ, ਫਿਲਹਾਲ ਇਹ ਕਹਿਣਾ ਮੁਸ਼ਕਲ ਹੈ… ਪਰ ਇਹ ਸਾਰੇ ਵੱਡੇ ਅੱਤਵਾਦੀ ਸਨ ਤੇ ਇਨ੍ਹਾਂ ਅੱਤਵਾਦੀਆਂ ਨੇ ਚੋਣਾਂ ਤੋਂ ਪਹਿਲਾਂ ਕੁਝ ਯੋਜਨਾਬੰਦੀ ਜ਼ਰੂਰ ਕੀਤੀ ਸੀ।
ਦੂਜੇ ਪਾਸੇ, ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਜੈਸ਼ ਦੇ ਚਾਰ ਅੱਤਵਾਦੀਆਂ ਦੇ ਸਮੂਹ ਨੇ ਬੁੱਧਵਾਰ ਰਾਤ ਨੂੰ ਸਾਂਬਾ ਵਿਖੇ ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤ ਵਿੱਚ ਘੁਸਪੈਠ ਕੀਤੀ ਸੀ।
ਉਹ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਇਕ ਟਰੱਕ ਵਿੱਚ ਜਾ ਰਹੇ ਸਨ, ਜਿਸ ਨੂੰ ਪੁਲਿਸ ਨੇ ਨਗਰੋਟਾ ਨੇੜੇ ਇੱਕ ਟੋਲ ਪਲਾਜ਼ੇ 'ਤੇ ਰੋਕਿਆ। ਉਨ੍ਹਾਂ ਦੇ ਰੋਕਣ ਤੋਂ ਬਾਅਦ ਹਥਿਆਰਬੰਦ ਅੱਤਵਾਦੀਆਂ ਨੇ ਪੁਲਿਸ ਪਾਰਟੀ 'ਤੇ ਗ੍ਰਨੇਡਾਂ ਨਾਲ ਹਮਲਾ ਕਰ ਦਿੱਤਾ। ਮੁਕਾਬਲੇ ਦੌਰਾਨ ਟਰੱਕ ਨੂੰ ਅੱਗ ਲੱਗ ਗਈ। ਖੇਤਰ ਨੂੰ ਘੇਰ ਲਿਆ ਗਿਆ ਹੈ ਅਤੇ ਵਾਧੂ ਫੋਰਸਾਂ ਨੂੰ ਮੌਕੇ 'ਤੇ ਬੁਲਾਇਆ ਗਿਆ।
ਇਸ ਸਾਲ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਅਜਿਹਾ ਦੂਜਾ ਮੁਕਾਬਲਾ ਹੈ। ਜਨਵਰੀ ਵਿੱਚ, ਸੁਰੱਖਿਆ ਬਲਾਂ ਦੁਆਰਾ ਤਿੰਨ ਅੱਤਵਾਦੀ ਮਾਰੇ ਗਏ ਸਨ। ਉਹ ਵੀ ਇਸੇ ਤਰ੍ਹਾਂ ਇੱਕ ਟਰੱਕ ਦੇ ਅੰਦਰ ਲੁਕੇ ਹੋਏ ਸਨ।
ਦੱਸ ਦਈਏ ਕਿ ਡੀਡੀਸੀ ਚੋਣਾਂ ਦਾ ਪਹਿਲਾ ਪੜਾਅ 28 ਨਵੰਬਰ ਨੂੰ ਹੋਣ ਜਾ ਰਿਹਾ ਹੈ।