ਨਵੀਂ ਦਿੱਲੀ: ਕਰਨਾਟਕ ਦੇ ਸਾਬਕਾ ਡੀਜੀਪੀ ਪ੍ਰਵੀਨ ਸੂਦ ਨੇ ਵੀਰਵਾਰ ਨੂੰ ਰਸਮੀ ਤੌਰ 'ਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲ ਲਿਆ ਹੈ। ਦੱਸ ਦੇਈਏ ਕਿ ਸੂਦ 1986 ਬੈਚ ਦੇ ਆਈਪੀਐਸ ਅਧਿਕਾਰੀ ਹਨ, ਜਿਨ੍ਹਾਂ ਨੂੰ ਐਤਵਾਰ (14 ਮਈ) ਨੂੰ ਸੀਬੀਆਈ ਡਾਇਰੈਕਟਰ ਵਜੋਂ ਦੋ ਸਾਲ ਦੀ ਮਿਆਦ ਲਈ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸੁਬੋਧ ਜੈਸਵਾਲ ਸੀਬੀਆਈ ਡਾਇਰੈਕਟਰ ਵਜੋਂ ਕੰਮ ਕਰ ਰਹੇ ਸਨ ਪਰ ਉਨ੍ਹਾਂ ਦਾ ਕਾਰਜਕਾਲ 25 ਮਈ ਨੂੰ ਖ਼ਤਮ ਹੋ ਰਿਹਾ ਸੀ।
ਪ੍ਰਵੀਨ ਸੂਦ ਦੇ ਨਾਮ ਨੂੰ ਮਿਲੀ ਮਨਜ਼ੂਰੀ: ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਫ ਜਸਟਿਸ ਆਫ ਇੰਡੀਆ ਡੀਵਾਈ ਚੰਦਰਚੂੜ ਅਤੇ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਦੀ ਮੌਜੂਦਗੀ 'ਚ ਹੋਈ ਬੈਠਕ 'ਚ ਸੀਬੀਆਈ ਡਾਇਰੈਕਟਰ ਦੇ ਅਹੁਦੇ ਲਈ ਪ੍ਰਵੀਨ ਸੂਦ ਦੇ ਨਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਪ੍ਰਵੀਨ ਸੂਦ ਨੇ ਸਾਲ 2013-14 ਵਿੱਚ ਕਰਨਾਟਕ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੇ ਰਾਜ ਦੇ ਗ੍ਰਹਿ ਵਿਭਾਗ ਵਿੱਚ ਪ੍ਰਮੁੱਖ ਸਕੱਤਰ, ਕਰਨਾਟਕ ਰਾਜ ਰਿਜ਼ਰਵ ਪੁਲਿਸ ਦੇ ਏਡੀਜੀਪੀ ਅਤੇ ਪ੍ਰਸ਼ਾਸਨ ਵਿੱਚ ਏਡੀਜੀਪੀ ਵਜੋਂ ਵੀ ਕੰਮ ਕੀਤਾ।
- New Parliament Building: ਨਹੀਂ ਰੁਕ ਰਿਹਾ ਪਾਰਲੀਮੈਂਟ ਵਿਵਾਦ, 250 ਸੰਸਦ ਮੈਂਬਰ ਨਵੀਂ ਇਮਾਰਤ ਦੇ ਉਦਘਾਟਨ ਸਮਾਰੋਹ ਦਾ ਕਰਨਗੇ ਵਿਰੋਧ
- ਕਾਂਗਰਸ ਨੇ 'ਰਾਜਦੰਡ' ਨੂੰ ਮਿਊਜ਼ੀਅਮ 'ਚ ਰੱਖਿਆ, ਨਹਿਰੂ ਨੂੰ ਤੋਹਫੇ 'ਚ ਦਿੱਤੀ 'ਸੋਨੇ ਦੀ ਛੜੀ' ਦੱਸਿਆ: ਭਾਜਪਾ
- ਦਿੱਲੀ ਸੀਐਮ ਕੇਜਰੀਵਾਲ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਐਨਸੀਪੀ ਮੁਖੀ ਸ਼ਰਦ ਪਵਾਰ ਨਾਲ ਕੀਤੀ ਮੁਲਾਕਾਤ, ਲੋਕਤੰਤਰ ਬਚਾਉਣ ਲਈ ਮੰਗਿਆ ਸਮਰਥਨ
ਪ੍ਰਵੀਨ ਸੂਦ 'ਤੇ ਇਲਜ਼ਾਮ: ਮਾਰਚ ਵਿੱਚ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਕਾਂਗਰਸ ਨੇਤਾ ਡੀਕੇ ਸ਼ਿਵਕੁਮਾਰ ਨੇ ਦੋਸ਼ ਲਗਾਇਆ ਸੀ ਕਿ ਪ੍ਰਵੀਨ ਸੂਦ ਰਾਜ ਵਿੱਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਦਾ ਪੱਖ ਪੂਰ ਰਿਹਾ ਹੈ। ਸ਼ਿਵਕੁਮਾਰ ਨੇ ਦੋਸ਼ ਲਾਇਆ ਸੀ ਕਿ ਪ੍ਰਵੀਨ ਦੀ ਅਗਵਾਈ 'ਚ ਕਰਨਾਟਕ ਪੁਲਿਸ ਨੇ ਕਾਂਗਰਸੀ ਨੇਤਾਵਾਂ 'ਤੇ ਕਰੀਬ 25 ਮਾਮਲੇ ਦਰਜ ਕੀਤੇ ਸਨ, ਜਦਕਿ ਭਾਜਪਾ ਨੇਤਾਵਾਂ 'ਤੇ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ।
ਨਵੀਂ ਜ਼ਿੰਮੇਵਾਰੀ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਨਵੇਂ ਨਿਯੁਕਤ ਡਾਇਰੈਕਟਰ ਪ੍ਰਵੀਨ ਸੂਦ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਮਈ 2025 ਵਿੱਚ ਆਪਣੀ ਨਵੀਂ ਜ਼ਿੰਮੇਵਾਰੀ ਪੂਰੀ ਕਰਨ ਤੋਂ ਬਾਅਦ ਕਰਨਾਟਕ ਪਰਤਣਗੇ। ਸੂਦ ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਹ ਜਲਦੀ ਹੀ ਕਰਨਾਟਕ ਪੁਲਿਸ ਦੇ ਡਾਇਰੈਕਟਰ ਜਨਰਲ ਦਾ ਚਾਰਜ ਆਪਣੇ ਉੱਤਰਾਧਿਕਾਰੀ ਨੂੰ ਸੌਂਪਣਗੇ ਅਤੇ ਆਪਣੇ ਆਪ ਨੂੰ ਡੀਜੀ ਅਤੇ ਆਈਜੀਪੀ ਕਰਨਾਟਕ ਦੇ ਅਧਿਕਾਰਤ (ਟਵਿੱਟਰ) ਹੈਂਡਲ ਤੋਂ ਵੱਖ ਕਰ ਲੈਣਗੇ।