ਵਾਸ਼ਿੰਗਟਨ (ਅਮਰੀਕਾ): ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਦੀਆਂ ਸਾਲਾਨਾ ਮੀਟਿੰਗਾਂ ਵਿਚ ਸ਼ਾਮਲ ਹੋਣ ਲਈ ਅਮਰੀਕਾ ਦੇ ਵਾਸ਼ਿੰਗਟਨ ਵਿਚ ਹੈ। ਇੱਥੇ ਉਨ੍ਹਾਂ ਨੇ ਸੋਮਵਾਰ ਨੂੰ ਸਥਾਨਕ ਸਮੇਂ ਦੇ ਮੁਤਾਬਿਕ ਪੀਟਰਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਇਕਨਾਮਿਕਸ (PIIE) ਵਿੱਚ ਇੱਕ ਸੰਬੋਧਨ ਵੀ ਦਿੱਤਾ। ਇੱਥੇ ਉਨ੍ਹਾਂ ਨੇ ਭਾਰਤੀ ਅਰਥਵਿਵਸਥਾ ਦੀ ਮਜ਼ਬੂਤੀ ਅਤੇ ਵਿਕਾਸ 'ਤੇ ਆਪਣਾ ਬਿਆਨ ਰੱਖਿਆ। ਇਸ ਪ੍ਰੋਗਰਾਮ 'ਚ ਉਨ੍ਹਾਂ ਨੇ ਭਾਰਤ ਪ੍ਰਤੀ ਪੱਛਮ ਦੀ ਨਕਾਰਾਤਮਕ ਧਾਰਨਾ 'ਤੇ ਵੀ ਆਪਣੀ ਗੱਲ ਰੱਖੀ।
ਕੋਈ ਵੀ ਰਾਏ ਬਣਾਉਣ ਤੋਂ ਪਹਿਲਾਂ ਭਾਰਤ ਆ ਕੇ ਦੇਖ ਲਓ: ਉਨ੍ਹਾਂ ਕਿਹਾ ਕਿ ਭਾਰਤ ਪ੍ਰਤੀ ਨਕਾਰਾਤਮਕ ਧਾਰਨਾ ਰੱਖਣ ਵਾਲੇ ਪੱਛਮੀ ਦੇਸ਼ਾਂ ਨੂੰ ਇਕ ਵਾਰ ਅੰਕੜਿਆਂ ਨੂੰ ਦੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਨਿਵੇਸ਼ਕ ਭਾਰਤ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ। ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਨਕਾਰਾਤਮਕ ਧਾਰਨਾ ਨਾਲ ਇਹ ਕਿਵੇਂ ਸੰਭਵ ਹੈ। ਉਨ੍ਹਾਂ ਕਿਹਾ ਕਿ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਕੋਈ ਵੀ ਰਾਏ ਬਣਾਉਣ ਤੋਂ ਪਹਿਲਾਂ ਭਾਰਤ ਆ ਕੇ ਦੇਖ ਲਓ। ਉਹ ਪੀਆਈਆਈਈ ਦੇ ਪ੍ਰਧਾਨ ਐਡਮ ਐਸ ਪੋਸੇਨ ਨੂੰ ਜਵਾਬ ਦੇ ਰਹੀ ਸੀ।
ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖਤਮ ਕਰਨ ਅਤੇ ਮੁਸਲਿਮ ਖਿਲਾਫ ਹੋ ਰਹੀ ਹਿੰਸਾ 'ਤੇ ਚੁੱਕੇ ਸਵਾਲ: PIIE ਦੇ ਪ੍ਰਧਾਨ ਐਡਮ ਨੇ ਆਪਣੇ ਸੰਬੋਧਨ ਵਿੱਚ ਭਾਰਤ ਵਿੱਚ ਪੂੰਜੀ ਪ੍ਰਵਾਹ ਨੂੰ ਪ੍ਰਭਾਵਿਤ ਕਰਨ ਵਾਲੀਆਂ ਧਾਰਨਾਵਾਂ ਦਾ ਜ਼ਿਕਰ ਕੀਤਾ ਸੀ। ਪੋਸੇਨ ਨੇ ਆਪਣੇ ਭਾਸ਼ਣ 'ਚ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖਤਮ ਕਰਨ ਅਤੇ ਮੁਸਲਿਮ ਘੱਟ ਗਿਣਤੀਆਂ ਖਿਲਾਫ ਹੋ ਰਹੀ ਹਿੰਸਾ 'ਤੇ ਵੀ ਸਵਾਲ ਚੁੱਕੇ ਸੀ। ਪੋਸੇਨ ਦੇ ਜਵਾਬ ਵਿੱਚ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜਿਹੜੇ ਲੋਕ ਕਦੇ ਭਾਰਤ ਨਹੀਂ ਗਏ ਹਨ, ਉਹ ਭਾਰਤ ਦੀ ਗੱਲ ਕਰ ਰਹੇ ਹਨ। ਉਹ ਜ਼ਮੀਨੀ ਪੱਧਰ 'ਤੇ ਭਾਰਤ ਦੀ ਅਸਲੀਅਤ ਤੋਂ ਅਣਜਾਣ ਹਨ।
ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਮੁਸਲਮਾਨਾਂ ਦੀ ਆਬਾਦੀ ਵਿੱਚ ਵਾਧਾ: ਵਿੱਤ ਮੰਤਰੀ ਨੇ ਕਿਹਾ ਕਿ ਦੁਨੀਆ ਵਿੱਚ ਦੂਜੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਭਾਰਤ ਵਿੱਚ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ 1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਤੋਂ ਦੇਸ਼ ਵਿੱਚ ਮੁਸਲਮਾਨਾਂ ਦੀ ਆਬਾਦੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਪਾਕਿਸਤਾਨ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਹੁਣ ਉਥੇ ਆਬਾਦੀ ਲਗਾਤਾਰ ਘਟ ਰਹੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵਿੱਚ ਮਾਮੂਲੀ ਗੱਲ 'ਤੇ ਈਸ਼ਨਿੰਦਾ ਕਾਨੂੰਨ ਦਾ ਸਹਾਰਾ ਲੈ ਕੇ ਘੱਟ ਗਿਣਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਰਹੀ ਹੈ। ਉਨ੍ਹਾਂ ਨੂੰ ਸਹੀ ਜਾਂਚ ਅਤੇ ਕਾਨੂੰਨੀ ਪ੍ਰਕਿਰਿਆ ਦਾ ਅਧਿਕਾਰ ਵੀ ਨਹੀਂ ਮਿਲ ਰਿਹਾ ਹੈ।
ਭਾਰਤ ਇੱਕ ਉਭਰਦਾ ਬਾਜ਼ਾਰ: ਉਨ੍ਹਾਂ ਨੇ ਕਿਹਾ ਕਿ ਜੋ ਲੋਕ ਭਾਰਤ ਵਿੱਚ ਘੱਟ ਗਿਣਤੀਆਂ 'ਤੇ ਹੋ ਰਹੇ ਜ਼ੁਲਮਾਂ ਬਾਰੇ ਰਿਪੋਰਟ ਲਿਖ ਰਹੇ ਹਨ, ਮੈਂ ਚਾਹੁੰਦੀ ਹਾਂ ਕਿ ਉਹ ਭਾਰਤ ਆਉਣ। ਕਿਉਂਕਿ ਉਹ ਇੱਕ ਭਰਮ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਇੱਕ ਉਭਰਦਾ ਬਾਜ਼ਾਰ ਹੈ। ਇਸ ਨੂੰ ਵਿਸ਼ਵ ਦੇ ਉਸਾਰੂ ਅਤੇ ਸਕਾਰਾਤਮਕ ਸਹਿਯੋਗ ਦੀ ਲੋੜ ਹੈ। ਇਹ ਸੰਭਵ ਨਹੀਂ ਹੈ ਕਿ ਪੱਛਮੀ ਦੇਸ਼ ਭਾਰਤ ਦੇ ਬਾਜ਼ਾਰ ਦੀ ਵਰਤੋਂ ਕਰਨ ਅਤੇ ਨਕਾਰਾਤਮਕ ਧਾਰਨਾ ਫੈਲਾਉਣ।
ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਵਿਚ ਮਿਲੀ ਸਫਲਤਾ ਇੱਕ ਵੱਡੀ ਉਦਾਹਰਨ: ਉਨ੍ਹਾਂ ਕਿਹਾ ਕਿ ਭਾਰਤੀ ਸਮਾਜ ਲਚਕਦਾਰ ਹੈ। ਇੱਥੇ ਹਰ ਕਿਸੇ ਲਈ ਥਾਂ ਹੈ। ਅਸੀਂ ਮਿਲ ਕੇ ਅਤੇ ਦ੍ਰਿੜ ਇਰਾਦੇ ਨਾਲ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ। ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਵਿਚ ਮਿਲੀ ਸਫਲਤਾ ਇਸ ਦੀ ਇਕ ਵੱਡੀ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਡਬਲਯੂ.ਟੀ.ਓ. ਨੂੰ ਬਾਹਰਮੁਖੀ ਢੰਗ ਨਾਲ ਘਟਨਾਵਾਂ ਨੂੰ ਦੇਖਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਤੁਸੀਂ ਸਾਰਿਆਂ ਦੀ ਸੁਣਦੇ ਹੋ ਪਰ ਤੁਹਾਨੂੰ ਸੱਚ ਅਤੇ ਝੂਠ ਦੇ ਫਰਕ ਨੂੰ ਸਮਝਣਾ ਹੋਵੇਗਾ ਅਤੇ ਸੱਚ ਨੂੰ ਹੋਰ ਧਿਆਨ ਨਾਲ ਸੁਣਨਾ ਹੋਵੇਗਾ।
ਇਹ ਵੀ ਪੜ੍ਹੋ:- ਕਾਂਗਰਸ ਨੇ ਪਾਇਲਟ ਦੇ ਵਰਤ ਨੂੰ ਦੱਸਿਆ ਪਾਰਟੀ ਵਿਰੋਧੀ ਗਤੀਵਿਧੀ, ਹੁਣ ਪਾਇਲਟ ਕੋਲ ਕੀ ਹੈ ਅਗਲਾ ਵਿਕਲਪ ?