ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀ ਵਾਗਡੋਰ ਸੰਭਾਲ ਲਈ ਹੈ। ਵਿਧਾਨ ਸਭਾ ਦਾ ਸੈਸ਼ਨ ਵੀ ਅੱਜ ਸ਼ੁਰੂ ਹੋ ਗਿਆ ਹੈ। ਇਸ ਵਿੱਚ ਪ੍ਰੋ ਟੈਮ ਸਪੀਕਰ ਵਿਧਾਇਕਾਂ ਨੂੰ ਸਹੁੰ ਚੁਕਾ ਰਹੇ ਹਨ। ਇਸ ਦੌਰਾਨ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਅੱਜ ਵੱਡਾ ਫੈਸਲਾ ਲੈਣਗੇ।
ਭਗਵੰਤ ਮਾਨ ਨੇ ਟਵੀਟ 'ਚ ਲਿਖਿਆ ਕਿ ਉਹ ਅਜਿਹਾ ਫੈਸਲਾ ਲੈਣਗੇ, ਜੋ ਪੰਜਾਬ ਦੇ ਇਤਿਹਾਸ 'ਚ ਅੱਜ ਤੱਕ ਨਹੀਂ ਲਿਆ ਗਿਆ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਇਹ ਨਹੀਂ ਲਿਖਿਆ ਕਿ ਫੈਸਲਾ ਕੀ ਹੋਵੇਗਾ। ਉਸ ਨੇ ਸਿਰਫ ਇਹ ਲਿਖਿਆ ਕਿ ਉਹ ਇਸ ਦਾ ਐਲਾਨ ਕੁਝ ਦੇਰ ਬਾਅਦ ਕਰਨਗੇ।
ਦੱਸ ਦੇਈਏ ਕਿ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਵਿੱਚ ਭਗਵੰਤ ਮਾਨ ਨੇ ਕੱਲ੍ਹ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਬਾਅਦ ਉਨ੍ਹਾਂ ਪੰਜਾਬ ਸਿਵਲ ਸਕੱਤਰੇਤ ਵਿੱਚ ਮੁੱਖ ਮੰਤਰੀ ਦਫ਼ਤਰ ਵਿੱਚ ਚਾਰਜ ਸੰਭਾਲ ਲਿਆ। ਮੁੱਖ ਮੰਤਰੀ ਦੇ ਸਕੱਤਰੇਤ ਵਿੱਚ ਦਾਖ਼ਲ ਹੋਣ ’ਤੇ ਜਸ਼ਨ ਵਾਲਾ ਮਾਹੌਲ ਬਣ ਗਿਆ ਅਤੇ ਚਾਰੇ ਪਾਸੇ ਤੋਂ ਅਤੇ ਬਾਲਕੋਨੀ ਵਿੱਚ ਖੜ੍ਹੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਮੁੱਖ ਮੰਤਰੀ ਨੇ ਸਿਵਲ ਸਕੱਤਰੇਤ ਵਿਖੇ ਪੰਜਾਬ ਪੁਲਿਸ ਦੀ 82ਵੀਂ ਬਟਾਲੀਅਨ ਦੀ ਤਰਫ਼ੋਂ ਗਾਰਡ ਆਫ਼ ਆਨਰ ਲਿਆ। ਮੁੱਖ ਸਕੱਤਰ ਅਨਿਰੁਧ ਤਿਵਾੜੀ ਅਤੇ ਡੀਜੀਪੀ ਪੰਜਾਬ ਵੀਕੇ ਭਾਵੜਾ ਸਮੇਤ ਸੀਨੀਅਰ ਆਈਏਐਸ ਅਧਿਕਾਰੀਆਂ ਨੇ ਮੁੱਖ ਮੰਤਰੀ ਦਾ ਗੁਲਦਸਤੇ ਦੇ ਕੇ ਸਵਾਗਤ ਕੀਤਾ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੂੰ ਹਰਾਉਣ ਵਾਲੇ ਗੋਲਡੀ ਕੰਬੋਜ ਦਾ ਵੱਡਾ ਬਿਆਨ, ਕਿਹਾ- 'ਜਿਹੜੇ ਰਜਿਸਟਰੀਆਂ ਕਰਾਈ ਫਿਰਦੇ ਸੀ ਉਹ ਟੁੱਟੀਆਂ'