ਨਵੀਂ ਦਿੱਲੀ: 26 ਨਵੰਬਰ ਤੋਂ ਲਗਾਤਾਰ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਦੀ ਹੱਦ 'ਤੇ ਪੰਜਾਬ, ਹਰਿਆਣਾ, ਰਾਜਸਥਾਨ ਦੇ ਕਿਸਾਨ ਡਟੇ ਹੋਏ ਹਨ। ਕਿਸਾਨ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਵਿਰੋਧ-ਪ੍ਰਦਰਸ਼ਨ ਕਰ ਰਹੇ ਹਨ। ਉਥੇ ਅੰਦੋਲਨ ਨੂੰ ਸਫ਼ਲਤਾਪੂਰਵਕ ਚਲਾਉਣ ਲਈ ਹੋ ਰਹੀ ਫ਼ੰਡਿਗ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਇਨ੍ਹਾਂ ਖ਼ਬਰਾਂ 'ਤੇ ਈਟੀਵੀ ਭਾਰਤ ਦੀ ਟੀਮ ਨੇ ਟਿਕਰੀ ਕਲਾਂ ਵਿੱਚ ਕਿਸਾਨ ਅੰਦੋਲਨ ਸੰਮਤੀ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਅੰਦੋਲਨ ਵਿੱਚ ਹੋ ਰਹੀ ਫ਼ੰਡਿੰਗ ਨੂੰ ਲੈ ਕੇ ਲਗਾਤਾਰ ਝੂਠ ਫੈਲਾਇਆ ਜਾ ਰਿਹਾ ਹੈ। ਵਿਦੇਸ਼ਾਂ ਵਿੱਚੋਂ ਕਿਸੇ ਪ੍ਰਕਾਰ ਦੀ ਕੋਈ ਫ਼ੰਡਿੰਗ ਨਹੀਂ ਹੋ ਰਹੀ ਹੈ। ਬਾਕਾਇਦਾ ਫ਼ੰਡਿੰਗ ਨੂੰ ਲੈ ਕੇ ਲਿਖਤ ਵਿੱਚ ਰਿਕਾਰਡ ਵੀ ਰੱਖਿਆ ਜਾ ਰਿਹਾ ਹੈ।
ਕਿੱਥੋਂ ਹੋ ਰਹੀ ਹੈ ਕਿਸਾਨ ਅੰਦੋਲਨ ਨੂੰ ਫ਼ੰਡਿਗ?
ਟਿਕਰੀ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਪੂਰੇ ਅੰਦੋਲਨ ਨੂੰ ਫ਼ੰਡਿੰਗ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਹੋ ਰਹੀ ਹੈ। ਹਰਿਆਣਾ ਅਤੇ ਪੰਜਾਬ ਦੇ ਹਰ ਇੱਕ ਪਿੰਡ ਵਿੱਚੋਂ ਨਾ ਸਿਰਫ਼ ਰਾਸ਼ਨ ਆ ਰਿਹਾ ਹੈ, ਬਲਕਿ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਲੋਕ ਪੈਸੇ ਵੀ ਦੇ ਰਹੇ ਹਨ। ਵਿਦੇਸ਼ਾਂ ਵਿੱਚੋਂ ਕਿਸੇ ਤਰ੍ਹਾਂ ਦੀ ਫ਼ੰਡਿੰਗ ਨਹੀਂ ਹੋ ਰਹੀ ਹੈ।
ਬਾਕਾਇਦਾ ਫ਼ੰਡਿੰਗ ਨੂੰ ਲੈ ਕੇ ਰਿਕਾਰਡ ਰੱਖਿਆ ਜਾ ਰਿਹਾ ਹੈ। ਹਰ ਰੋਜ਼ ਜਿਹੜੀ ਵੀ ਰਾਸ਼ੀ ਇਕੱਠੀ ਹੁੰਦੀ ਹੈ, ਉਸਦਾ ਖਰਚਾ, ਮੰਚ ਅਤੇ ਹੋਰ ਦੂਜੀਆਂ ਜ਼ਰੂਰੀ ਚੀਜ਼ਾਂ ਵਿੱਚ ਕੀਤਾ ਜਾਂਦਾ ਹੈ। ਬਚੇ ਹੋਏ ਪੈਸਿਆਂ ਨੂੰ ਜ਼ਰੂਰਤ ਅਨੁਸਾਰ ਕਿਸਾਨਾਂ ਵਿੱਚ ਵੰਡ ਦਿੱਤਾ ਜਾਂਦਾ ਹੈ।
ਹਰ ਕੋਈ ਕਰ ਰਿਹਾ ਹੈ ਕਿਸਾਨ ਦਾ ਸਮਰਥਨ
ਟਿਕਰੀ ਸਰਹੱਦ 'ਤੇ ਵਿਰੋਧ-ਪ੍ਰਦਰਸ਼ਨ ਕਰ ਰਹੇ ਕਿਸਾਨ ਸੰਮਤੀ ਦੇ ਮੈਂਬਰਾਂ ਨੇ ਦੱਸਿਆ ਕਿ ਅੰਦੋਲਨ ਦਾ ਅੱਜ ਹਰ ਕੋਈ ਸਮਰਥਨ ਕਰ ਰਿਹਾ ਹੈ। ਹਰਿਆਣਾ ਦੇ ਪਿੰਡਾਂ ਤੋਂ ਬਾਕਾਇਦਾ ਕਿਸਾਨਾਂ ਨੂੰ ਜ਼ਰੂਰ ਦੇ ਹਿਸਾਬ ਨਾਲ ਨਾ ਸਿਰਫ਼ ਰਾਸ਼ਨ ਮਿਲ ਰਿਹਾ ਹੈ, ਬਲਕਿ ਮਦਦ ਵੀ ਮਿਲ ਰਹੀ ਹੈ। ਨਾਲ ਹੀ ਪੰਜਾਬ ਤੋਂ ਜਦੋਂ ਕਿਸਾਨ ਟਰੈਕਟਰ ਲੈ ਕੇ ਦਿੱਲੀ ਲਈ ਨਿਕਲੇ ਸਨ, ਤਾਂ ਕਾਫ਼ੀ ਸਾਰੇ ਪੈਟਰੌਲ ਪੰਪ ਮਾਲਿਕਾਂ ਨੇ ਵੀ ਕਿਸਾਨਾਂ ਕੋਲੋਂ ਟ੍ਰੈਕਟਰਾਂ ਵਿੱਚ ਪੈਟਰੌਲ ਭਰਨ ਲਈ ਪੈਸੇ ਨਹੀਂ ਲਏ ਸਨ।
ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼
ਕਿਸਾਨ ਅੰਦੋਲਨ ਸੰਮਤੀ ਦੇ ਮੈਂਬਰਾਂ ਨੇ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ ਜਿਸ ਤਰ੍ਹਾਂ ਨਾਲ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਅੰਦੋਲਨ ਨੂੰ ਬਾਹਰੀ ਦੇਸ਼ਾਂ ਅਤੇ ਖ਼ਾਲਿਸਤਾਨ ਸਮਰਥਕਾਂ ਤੋਂ ਫ਼ੰਡਿੰਗ ਹੋ ਰਹੀ ਹੈ। ਉਹ ਸਿਰਫ਼ ਅੰਦੋਲਨ ਨੂੰ ਬਦਨਾਮ ਕਰਨ ਦੀ ਇੱਕ ਅਸਫ਼ਲ ਕੋਸ਼ਿਸ਼ ਹੈ ਹੋਰ ਕੁੱਝ ਨਹੀਂ। ਅੱਜ ਸਾਰਾ ਦੇਸ਼ ਕਿਸਾਨਾਂ ਨਾਲ ਖੜਾ ਹੈ ਅਤੇ ਅਸੀਂ ਕਿਸਾਨਾਂ ਦੇ ਵਿਰੋਧ ਵਿੱਚ ਪਾਸ ਕੀਤੇ ਗਏ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੀ ਦਮ ਲਵਾਂਗੇ। ਚਾਹੇ ਸਾਨੂੰ ਕਿੰਨੀ ਵੀ ਲੰਮੀ ਲੜਾਈ ਕਿਉਂ ਨਾ ਲੜਨੀ ਪਵੇ।