ਸੋਨੀਪਤ : ਖੇਤੀ ਕਾਨੂੰਨ ਦੇ ਵਿਰੋਧ 'ਚ ਦਿੱਲੀ ਹਰਿਆਣਾ ਦੇ ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਜਾਰੀ ਹੈ। ਇਸ ਦੌਰਾਨ ਈਟੀਵੀ ਭਾਰਤ ਦੀ ਟੀਮ ਵੀ ਲਗਾਤਾਰ ਜ਼ੀਰੋ ਗਰਾਊਂਡ ਉੱਤੇ ਡੱਟੀ ਹੋਈ ਹੈ। ਜਿਸ ਦੇ ਤਹਿਤ ਵੱਖ-ਵੱਖ ਪਹਿਲੂਆਂ ਤੋਂ ਖ਼ਬਰਾਂ ਵਿਖਾਈਆਂ ਜਾ ਰਹੀਆਂ ਹਨ।
ਜਿਥੇ ਇੱਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਕੁੱਝ ਕਿਸਾਨ ਖਸਖਸ ਦੀ ਖੇਤੀ ਸ਼ੁਰੂ ਕਰਨ ਦੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਹਨ, ਜੋ ਕਿ ਨਸ਼ੇ ਦੀ ਖੇਤੀ ਹੁੰਦੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦਵਾਈਆਂ ਲਈ ਬਾਹਰੋਂ ਖਸਖਸ ਦਰਾਮਦ ਕਰਦੀ ਹੈ। ਅਜਿਹੇ ਹਲਾਤਾਂ 'ਚ ਜੇਕਰ ਇਹ ਖੇਤੀ ਇਥੇ ਹੀ ਸ਼ੁਰੂ ਹੋ ਜਾਂਦੀ ਹੈ ਤਾਂ ਕਿਸਾਨਾਂ ਨੂੰ ਇਸ ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਡੀਕਲ ਨਸ਼ਾ, ਜੋ ਕਿ ਬੇਹੱਦ ਖ਼ਤਰਨਾਕ ਹੁੰਦਾ ਹੈ, ਉਹ ਵੀ ਰੁੱਕ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਹ ਖੇਤੀ ਲਾਗੂ ਕਰਨ ਦੀ ਅਪੀਲ ਕੀਤੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਨੌਜਵਾਨ ਵੱਖ-ਵੱਖ ਕਿਸਮਾਂ ਦੀਆਂ ਦਵਾਈਆਂ ਤੋਂ ਇਲਾਵਾ ਟੀਕੇ ਅਤੇ ਚਿੱਟੇ ਦਾ ਨਸ਼ਾ ਕਰਦੇ ਹਨ। ਜਿਸ ਦੇ ਚਲਦੇ ਅਸੀਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਅਜਿਹੇ ਨਸ਼ੇ ਦੇ ਕਾਰੋਬਾਰ ਨੂੰ ਬੰਦ ਕਰਨ ਦੀ ਅਪੀਲ ਕਰਦੇ ਹਾਂ। ਇਸ ਦੇ ਨਾਲ ਹੀ ਪੰਜਾਬ 'ਚ ਖਸਖਸ ਦੀ ਖੇਤੀ ਸ਼ੁਰੂ ਕਰਨ ਦੀ ਮੰਜੂਰੀ ਚਾਹੁੰਦੇ ਹਾਂ ਤਾਂ ਜੋ ਆਉਣ ਵਾਲੇ ਸਮੇਂ 'ਚ ਨੌਜਵਾਨ ਨਸ਼ੇ ਦੀ ਲੱਤ ਤੋਂ ਦੂਰ ਰਹਿਣ। ਇਸ ਨਾਲ ਕਿਸਾਨਾਂ ਨੂੰ ਵੀ ਵਧੀਆ ਕਮਾਈ ਹੋਵੇਗੀ ਤੇ ਕੁੱਝ ਦਵਾਈਆਂ ਦੇ ਲਈ ਵੀ ਇਹ ਲਾਭਦਾਇਕ ਹੈ।