ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਸ਼ਨੀਵਾਰ ਸ਼ਾਮ ਨੂੰ ਇੱਕ ਯਾਤਰੀ ਕਰੂਜ਼ ਜਹਾਜ਼ 'ਤੇ ਛਾਪਾ ਮਾਰਿਆ ਜਿੱਥੇ ਪਾਰਟੀ ਚੱਲ ਰਹੀ ਸੀ ਅਤੇ ਇਸ ਵਿੱਚ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਜਾ ਰਿਹਾ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਇਹ ਜਹਾਜ਼ ਗੋਆ ਜਾਣ ਵਾਲਾ ਸੀ ਅਤੇ ਇਸ 'ਤੇ ਸੈਂਕੜੇ ਯਾਤਰੀ ਸਵਾਰ ਸਨ। ਜਹਾਜ਼ 'ਤੇ ਕਿਸੇ ਪਾਰਟੀ ਦੇ ਹੋਣ ਦੀ ਸੂਚਨਾ ਮਿਲਣ 'ਤੇ, ਐਨਸੀਬੀ ਟੀਮ ਨੇ ਛਾਪੇਮਾਰੀ ਕੀਤੀ। ਅਧਿਕਾਰੀ ਨੇ ਦੱਸਿਆ ਕਿ ਕੁਝ ਯਾਤਰੀਆਂ ਤੋਂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਕਿਸੇ ਵੀ ਯਾਤਰੀ ਨੂੰ ਜਹਾਜ਼ ਤੋਂ ਉਤਰਨ ਦੀ ਆਗਿਆ ਨਹੀਂ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।
ਦਰਅਸਲ, ਏਜੰਸੀ ਨੂੰ ਇਨਪੁਟ ਮਿਲਿਆ ਸੀ ਕਿ ਮੁੰਬਈ ਤੋਂ ਗੋਆ ਜਾਣ ਵਾਲੇ ਕਰੂਜ਼ ਜਹਾਜ਼ ਵਿੱਚ ਡਰੱਗ ਪਾਰਟੀ ਆਯੋਜਿਤ ਕੀਤੀ ਜਾ ਰਹੀ ਹੈ। ਇਸੇ ਅਧਾਰ 'ਤੇ ਕੁਝ ਅਧਿਕਾਰੀ ਯਾਤਰੀਆਂ ਦੇ ਰੂਪ ਵਿੱਚ ਕਰੂਜ਼ ਵਿੱਚ ਸਵਾਰ ਹੋਏ, ਜਿਵੇਂ ਹੀ ਬੀਚ ਪਾਰਟੀ ਸ਼ੁਰੂ ਹੋਈ, ਅਧਿਕਾਰੀਆਂ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਫਿਲਹਾਲ ਇਹ ਆਪਰੇਸ਼ਨ ਚੱਲ ਰਿਹਾ ਹੈ।
ਰਿਪੋਰਟਾਂ ਦੇ ਅਨੁਸਾਰ, ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਇਹ ਆਪਰੇਸ਼ਨ ਕੀਤਾ ਹੈ। ਉਹ ਆਪਣੀ ਟੀਮ ਦੇ ਨਾਲ ਮੁੰਬਈ ਵਿੱਚ ਉਸ ਜਹਾਜ਼ ਵਿੱਚ ਸਵਾਰ ਹੋਇਆ। ਪਰ ਜਦੋਂ ਜਹਾਜ਼ ਬੀਚ ਉੱਤੇ ਪਹੁੰਚਿਆ, ਉੱਥੇ ਇੱਕ ਡਰੱਗ ਪਾਰਟੀ ਸ਼ੁਰੂ ਹੋ ਗਈ।
ਪਾਰਟੀ ਵਿੱਚ ਨਸ਼ਿਆਂ ਦੀ ਵੱਡੀ ਪੱਧਰ ਤੇ ਖਪਤ ਨੂੰ ਦੇਖਦੇ ਹੋਏ, ਐਨਸੀਬੀ ਦੀ ਟੀਮ ਨੇ ਹਰਕਤ ਵਿੱਚ ਆ ਕੇ ਆਪਣਾ ਆਪਰੇਸ਼ਨ ਸ਼ੁਰੂ ਕਰ ਦਿੱਤਾ। ਕਿਉਂਕਿ ਇਹ ਟੀਮ ਇੱਕ ਯਾਤਰੀ ਦੇ ਰੂਪ ਵਿੱਚ ਗਈ ਸੀ, ਕਿਸੇ ਨੂੰ ਉਸ ਕਾਰਵਾਈ ਬਾਰੇ ਪਤਾ ਨਹੀਂ ਸੀ ਅਤੇ ਸਾਰੇ ਦੋਸ਼ੀ ਰੰਗੇ ਹੱਥੀਂ ਫੜੇ ਗਏ।
ਜਾਣਕਾਰੀ ਅਨੁਸਾਰ ਅਪਰੇਸ਼ਨ ਦੌਰਾਨ ਇੱਕ ਬਾਲੀਵੁੱਡ ਅਦਾਕਾਰ ਦੇ ਬੇਟੇ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਤੋਂ ਇਲਾਵਾ 10 ਹੋਰ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਕਾਰਵਾਈ ਵੱਡੀ ਮੰਨੀ ਜਾ ਰਹੀ ਹੈ ਕਿਉਂਕਿ ਪਹਿਲੀ ਵਾਰ ਜਹਾਜ਼ 'ਤੇ ਕਿਸੇ ਡਰੱਗ ਪਾਰਟੀ ਦਾ ਐਨਸੀਬੀ ਨੇ ਪਰਦਾਫਾਸ਼ ਕੀਤਾ ਹੈ।
ਸੂਤਰਾਂ ਅਨੁਸਾਰ ਇਸ ਜਹਾਜ਼ ਦਾ ਉਦਘਾਟਨ ਹਾਲ ਹੀ ਵਿੱਚ ਹੋਇਆ ਹੈ ਅਤੇ ਇਸ ਪਾਰਟੀ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਇਸ ਪਾਰਟੀ ਦੀ ਟਿਕਟ ਦੀ ਕੀਮਤ 80 ਹਜ਼ਾਰ ਰੁਪਏ ਸੀ ਅਤੇ ਇਸ ਦਾ ਆਯੋਜਨ ਦਿੱਲੀ ਦੀ ਇੱਕ ਕੰਪਨੀ ਨੇ ਕੀਤਾ ਸੀ।
ਇਹ ਵੀ ਪੜ੍ਹੋ:- ਅਦਾਕਾਰਾ ਸਮੰਥਾ ਅਤੇ ਨਾਗਾ ਚੈਤਨਿਆ ਨੇ ਤਲਾਕ ਲੈਣ ਦਾ ਕੀਤਾ ਫੈਸਲਾ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ