ਨਵੀਂ ਦਿੱਲੀ: ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ’ਚ ਪਟੀਸ਼ਨ ਦਾਇਰ ਕਰ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਖਿਲਾਫ ਹਿੰਸਾ ਭੜਕਾਉਣ ਵਾਲਾ ਕਥਿਤ ਭਾਸ਼ਣ ਦੇਣ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਸਚਿਨ ਗੁਪਤਾ ਇਸ ਪਟੀਸ਼ਨ 'ਤੇ ਭਲਕੇ 28 ਅਕਤੂਬਰ ਨੂੰ ਸੁਣਵਾਈ ਕਰਨਗੇ।
ਐਡਵੋਕੇਟ ਅਮਿਤ ਸਾਹਨੀ ਨੇ ਰੌਸ ਐਵੇਨਿਊ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਮਨੋਹਰ ਲਾਲ ਖੱਟਰ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਭਾਜਪਾ ਕਿਸਾਨ ਮੋਰਚਾ ਦੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਹਨ। ਇਸ ਵਿੱਚ ਖੱਟਰ ਹਿੰਸਾ ਭੜਕਾਉਣ ਵਾਲਾ ਭਾਸ਼ਣ ਦੇ ਰਹੇ ਹਨ।
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਮੀਟਿੰਗ 'ਚ ਖੱਟਰ ਕਹਿ ਰਹੇ ਹਨ ਕਿ ਵਲੰਟੀਅਰ ਤਿਆਰ ਕਰੋ ਅਤੇ ਦੋ ਤੋਂ ਛੇ ਮਹੀਨੇ ਜੇਲ੍ਹ ਜਾਣ ਤੋਂ ਨਾ ਡਰੋ। ਤੁਸੀਂ ਮੀਟਿੰਗਾਂ ਵਿੱਚ ਬਹੁਤਾ ਨਹੀਂ ਸਿੱਖੋਗੇ ਪਰ ਜੇਲ ਜਾਣ ਤੋਂ ਬਾਅਦ ਤੁਸੀਂ ਇੱਕ ਵੱਡੇ ਨੇਤਾ ਬਣੋਗੇ ਅਤੇ ਤੁਹਾਡਾ ਨਾਮ ਇਤਿਹਾਸ ਵਿੱਚ ਦਰਜ ਹੋਵੇਗਾ।
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸੰਵਿਧਾਨਕ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਸਮਾਜ 'ਚ ਦੁਸ਼ਮਣੀ, ਨਫਰਤ ਅਤੇ ਹਿੰਸਾ ਪੈਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਖੱਟਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 109, 153, 153ਏ ਅਤੇ 505 ਤਹਿਤ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ 26 ਨਵੰਬਰ 2020 ਤੋਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਹੈ।
ਇਹ ਵੀ ਪੜੋ: ਕਰੋੜਪਤੀ ਦੀ ਪਤਨੀ ਦਾ ਰਿਕਸ਼ੇ ਵਾਲੇ 'ਤੇ ਆਇਆ ਦਿਲ, ਹੋਈ ਫਰਾਰ