ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਹੈ ਕਿ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਸਮਾਜਿਕ ਕਾਰਕੁੰਨ ਨਵਦੀਪ ਕੌਰ ਦਾ ਕੇਸ ਹੁਣ ਦਿੱਲੀ ਗੁਰਦੁਆਰਾ ਕਮੇਟੀ ਲੜੇਗੀ।
ਇਥੇ ਜਾਰੀ ਕੀਤੇ ਇਕ ਬਿਆਨ ਵਿੱਚ ਸਿਰਸਾ ਨੇ ਦੱਸਿਆ ਕਿ ਨੌਦੀਪ ਇਸ ਵੇਲੇ ਕਰਨਾਲ ਜੇਲ੍ਹ ਵਿੱਚ ਬੰਦ ਹੈ ਤੇ ਉਸ ਨੂੰ ਸੋਨੀਪਤ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਨਵਦੀਪ ਦਾ ਕੇਸ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਦੇ ਵਕੀਲ ਹਰਿੰਦਰ ਬੈਂਸ ਨੇ ਜੇਲ੍ਹ ਵਿੱਚ ਜਾ ਕੇ ਨਵਦੀਪ ਕੌਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਤੋਂ ਵਕਾਲਤਨਾਮਾ ‘ਤੇ ਹਸਤਾਖ਼ਤਰ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨਾਲ ਵੀ ਸਾਡੀ ਗੱਲ ਹੋਈ ਹੈ।
ਉਨ੍ਹਾਂ ਦੱਸਿਆ ਕਿ ਸੀਨੀਅਰ ਐਡਵੋਕੇਟ ਆਰਐਸ ਚੀਮਾ ਨੇ ਭਰੋਸਾ ਦੁਆਇਆ ਹੈ ਕਿ ਉਹ ਆਪ ਵੀ ਅਦਾਲਤ ਵਿੱਚ ਪੇਸ਼ ਹੋਣਗੇ ਤੇ ਨਵਦੀਪ ਦੀ ਜਲਦੀ ਤੋਂ ਜਲਦੀ ਜ਼ਮਾਨਤ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੇ ਨਾਲ ਐਡਵੋਕੇਟ ਹਰਿੰਦਰ ਬੈਂਸ, ਐਡਵੋਕੇਟ ਜਤਿੰਦਰ ਕੁਮਾਰ, ਐਡਵੋਕੇਟ ਮਨਵਿੰਦਰ ਸਿੰਘ ਬਿਸ਼ਨੋਈ ਤੇ ਐਡਵੋਕੇਟ ਪਵਨਦੀਪ ਸਿੰਘ ਵੀ ਟੀਮ ਵਿੱਚ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਉਸ ‘ਤੇ ਤਿੰਨ ਕੇਸ ਦਰਜ ਹਨ ਜਿਨ੍ਹਾਂ ਵਿੱਚੋਂ ਦੋ ਨਵੇਂ ਕੇਸ ਹਨ ਤੇ ਇੱਕ ਪੁਰਾਣਾ ਕੇਸ ਹੈ ਜਿਸ ਵਿੱਚੋਂ ਇੱਕ ਕੇਸ ਵਿੱਚ ਉਸ ਦੀ ਜ਼ਮਾਨਤ ਸੋਨੀਪਤ ਦੀ ਅਦਾਲਤ ਨੇ ਰੱਦ ਕਰ ਦਿੱਤੀ ਪਰ ਹੁਣ ਇਸ ਦੀ ਸੁਣਵਾਈ 11 ਤਾਰੀਕ ਨੂੰ ਅਤੇ ਉਮੀਦ ਹੈ ਕਿ ਇਸ ਕੇਸ ਵਿੱਚ ਜ਼ਮਾਨਤ ਮਿਲ ਜਾਵੇਗੀ ਤੇ ਇਸ ਮਾਮਲੇ ਵਿਚ ਐਡਵੋਕੇਟ ਜਤਿੰਦਰ ਕੁਮਾਰ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਤਿੰਨਾਂ ਕੇਸਾਂ ਦੀ ਹਾਈ ਕੋਰਟ ਤੋਂ ਜਾਂਚ ਕਰਵਾਉਣੀ ਪਵੇਗੀ।
ਸਿਰਸਾ ਨੇ ਕਿਹਾ ਕਿ ਕਮੇਟੀ ਨਾ ਸਿਰਫ਼ ਇਸ ਦੀ ਜ਼ਮਾਨਤ ਕਰਵਾਏਗੀ ਬਲਕਿ ਇਹ ਯਤਨ ਕਰੇਗੀ ਕਿ ਇਨ੍ਹਾਂ ਸਾਰੇ ਕੇਸਾਂ ਦੀ ਸੁਣਵਾਈ ਜਲਦ ਸਮਾਪਤ ਹੋਵੇ ਤੇ ਇਨ੍ਹਾਂ ਵਿਚੋਂ ਨਵਦੀਪ ਦੀ ਰਿਹਾਈ ਕਰਵਾਈ ਜਾਵੇ।