ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੰਡਕਾ ਅਗਨੀਕਾਂਡ ਵਾਲੀ ਥਾਂ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਇਸ ਦੌਰਾਨ ਉਨ੍ਹਾਂ ਦੇ ਨਾਲ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਮੰਤਰੀ ਸਤੇਂਦਰ ਜੈਨ ਵੀ ਮੌਜੂਦ ਹਨ। ਹਾਦਸੇ 'ਚ ਮਰਨ ਵਾਲਿਆਂ ਲਈ ਦਿੱਲੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ, ਦਿੱਲੀ ਸਰਕਾਰ ਨੇ ਮੁੰਡਕਾ ਹਾਦਸੇ 'ਚ ਮਰਨ ਵਾਲਿਆਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਅਤੇ ਜਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਜਾਂਚ ਦਾ ਐਲਾਨ : ਦਿੱਲੀ ਸਰਕਾਰ ਨੇ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਵੀ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਮ੍ਰਿਤਕ ਦੇਹਾਂ ਦੀ ਹਾਲਤ ਕਾਫੀ ਵਿਗੜ ਚੁੱਕੀ ਹੈ, ਜਿਸ ਦੀ ਪਛਾਣ ਕਰਨੀ ਮੁਸ਼ਕਿਲ ਹੈ ਅਜਿਹੇ 'ਚ ਐੱਫਐੱਸਐੱਲ ਰਾਹੀਂ ਡੀਐੱਨਏ ਟੈਸਟ ਕੀਤਾ ਜਾਵੇਗਾ, ਤਾਂ ਜੋ ਪਤਾ ਲੱਗ ਸਕੇ ਕਿ ਲਾਸ਼ ਕਿਸ ਦੀ ਹੈ।
ਦੱਸਣ ਯੋਗ ਹੈ ਕਿ ਦਿੱਲੀ ਮੁੰਡਕਾ 'ਚ ਇਕ ਇਮਾਰਤ 'ਚ ਅੱਗ ਲੱਗਣ ਕਾਰਨ 27 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਕਰੀਬ 29 ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਫਿਲਹਾਲ ਮੌਕੇ 'ਤੇ ਰਾਹਤ ਕਾਰਜ ਜਾਰੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜਦੋਂ ਤੱਕ ਡੀਐਨਏ ਟੈਸਟ ਨਹੀਂ ਹੋ ਜਾਂਦਾ, ਅਧਿਕਾਰਤ ਤੌਰ 'ਤੇ ਕੁਝ ਕਿਹਾ ਨਹੀਂ ਜਾ ਸਕਦਾ। ਹਾਦਸੇ ਦੀ ਮੈਜਿਸਟ੍ਰੇਟ ਜਾਂਚ ਤੋਂ ਬਾਅਦ ਨਤੀਜੇ ਆਉਣਗੇ, ਜੇਕਰ ਕੋਈ ਅਧਿਕਾਰੀ, ਕੋਈ ਏਜੰਸੀ ਜ਼ਿੰਮੇਵਾਰ ਹੋਵੇਗੀ ਤਾਂ ਹੀ ਉਹ ਫੈਸਲਾ ਲੈਣਗੇ। ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਮੁੰਡਕਾ ਅੱਗ ਕਾਂਡ ਵਿੱਚ ਦੋ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਅਤੇ ਜਾਂਚ ਵਿੱਚ ਜੋ ਵੀ ਦੋਸ਼ੀ ਪਾਏ ਜਾਣਗੇ ਉਨ੍ਹਾਂ ਨੂੰ ਛੱਡਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਸਮੁੰਦਰ 'ਚ ਡੁੱਬੀ ਕਿਸ਼ਤੀ, ਲਹਿਰਾਂ 'ਚ ਫਸੇ ਮਲਾਹ, ਵੇਖੋ ਕਿਵੇਂ ਬਚਾਇਆ