ਨਵੀਂ ਦਿੱਲੀ: ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਆਰਥਿਕ ਸੁਧਾਰਾਂ ਰਾਹੀਂ ਦੇਸ਼ ਨੂੰ ਨਵੀਂ ਦਿਸ਼ਾ ਦੇਣ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਦੇਸ਼ ਉਨ੍ਹਾਂ ਦਾ ਰਿਣੀ ਹੈ। ਇੱਥੇ ਆਯੋਜਿਤ 'ਟੀਓਐਲ ਐਵਾਰਡ 2022' ਸਮਾਗਮ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਤਤਕਾਲੀ ਵਿੱਤ ਮੰਤਰੀ ਮਨਮੋਹਨ ਸਿੰਘ ਵੱਲੋਂ ਸਾਲ 1991 ਵਿੱਚ ਸ਼ੁਰੂ ਕੀਤੇ ਗਏ ਆਰਥਿਕ ਸੁਧਾਰਾਂ ਨੇ ਭਾਰਤ ਨੂੰ ਇੱਕ ਨਵੀਂ ਦਿਸ਼ਾ ਦਿਖਾਈ।
ਇਹ ਵੀ ਪੜੋ: ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ
ਉਨ੍ਹਾਂ ਨੇ ਪੋਰਟਲ 'ਟੈਕਸਇੰਡੀਆਓਨਲਾਈਨ' ਵੱਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ ਕਿ ਉਦਾਰ ਆਰਥਿਕਤਾ ਕਾਰਨ ਦੇਸ਼ ਨੂੰ ਨਵੀਂ ਦਿਸ਼ਾ ਮਿਲੀ ਹੈ। ਇਸ ਲਈ ਦੇਸ਼ ਮਨਮੋਹਨ ਸਿੰਘ ਦਾ ਰਿਣੀ ਹੈ। ਗਡਕਰੀ ਨੇ ਉਸ ਮਦਦ ਦਾ ਵੀ ਜ਼ਿਕਰ ਕੀਤਾ ਕਿ ਮਨਮੋਹਨ ਦੀਆਂ ਨੀਤੀਆਂ ਨੇ ਨੱਬੇ ਦੇ ਦਹਾਕੇ ਵਿਚ ਮਹਾਰਾਸ਼ਟਰ ਦੀਆਂ ਸੜਕਾਂ ਲਈ ਪੈਸਾ ਇਕੱਠਾ ਕਰਨ ਵਿਚ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਵੱਲੋਂ ਸ਼ੁਰੂ ਕੀਤੇ ਆਰਥਿਕ ਸੁਧਾਰਾਂ ਕਾਰਨ ਹੀ ਉਹ ਮਹਾਰਾਸ਼ਟਰ ਦੇ ਮੰਤਰੀ ਹੁੰਦਿਆਂ ਇਨ੍ਹਾਂ ਸੜਕੀ ਪ੍ਰਾਜੈਕਟਾਂ ਲਈ ਫੰਡ ਜੁਟਾਉਣ ਦੇ ਸਮਰੱਥ ਹੋਏ ਸਨ।
ਗਡਕਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੂੰ ਇੱਕ ਉਦਾਰ ਆਰਥਿਕ ਨੀਤੀ ਦੀ ਲੋੜ ਹੈ ਜਿਸਦਾ ਉਦੇਸ਼ ਗਰੀਬਾਂ ਨੂੰ ਵੀ ਲਾਭ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਉਦਾਰ ਆਰਥਿਕ ਨੀਤੀ ਕਿਸਾਨਾਂ ਅਤੇ ਗਰੀਬਾਂ ਲਈ ਹੈ। ਉਨ੍ਹਾਂ ਨੇ ਉਦਾਰ ਆਰਥਿਕ ਨੀਤੀ ਰਾਹੀਂ ਦੇਸ਼ ਨੂੰ ਵਿਕਸਤ ਕਰਨ ਵਿੱਚ ਚੀਨ ਨੂੰ ਇੱਕ ਵਧੀਆ ਉਦਾਹਰਣ ਦੱਸਿਆ। ਭਾਰਤ ਦੇ ਸੰਦਰਭ ਵਿੱਚ ਗਡਕਰੀ ਨੇ ਕਿਹਾ ਕਿ ਦੇਸ਼ ਨੂੰ ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਹੋਰ ਪੂੰਜੀ ਨਿਵੇਸ਼ ਦੀ ਲੋੜ ਹੋਵੇਗੀ।
ਉਨ੍ਹਾਂ ਦੇ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ ਕੀਤੇ ਜਾ ਰਹੇ 26 ਐਕਸਪ੍ਰੈਸ ਵੇਅ ਦੇ ਨਿਰਮਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਿੱਚ ਉਨ੍ਹਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਵੀ ਹਾਈਵੇਅ ਦੇ ਨਿਰਮਾਣ ਲਈ ਆਮ ਲੋਕਾਂ ਤੋਂ ਪੈਸੇ ਵਸੂਲ ਰਹੀ ਹੈ। ਗਡਕਰੀ ਦੇ ਅਨੁਸਾਰ, NHAI ਦਾ ਟੋਲ ਮਾਲੀਆ ਮੌਜੂਦਾ 40,000 ਕਰੋੜ ਰੁਪਏ ਤੋਂ 2024 ਦੇ ਅੰਤ ਤੱਕ ਵਧ ਕੇ 1.40 ਲੱਖ ਕਰੋੜ ਰੁਪਏ ਹੋ ਜਾਵੇਗਾ।
ਇਹ ਵੀ ਪੜੋ: ਅੱਜ ਹੋਵੇਗੀ SGPC ਦੇ ਪ੍ਰਧਾਨ ਦੀ ਚੋਣ, ਜਾਣੋ ਕਿਵੇਂ ਹੋਂਦ ’ਚ ਆਈ ਸਿੱਖਾਂ ਦੀ ਸਰਬ ਉੱਚ ਸੰਸਥਾ