ਨਵੀਂ ਦਿੱਲੀ : ਕਸ਼ਮੀਰ ਵਿੱਚ ਸਿੱਖ ਕੁੜੀਆਂ ਨੂੰ ਅਗਵਾ ਕਰ ਧਰਮ ਪਰਿਵਰਤਨ ਕਰਵਾਏ ਜਾਣ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸਿੱਖ ਭਾਈਚਾਰੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਇਸ ਦੇ ਚਲਦੇ ਸਿੱਖਾਂ ਨੇ ਸ੍ਰੀਨਗਰ ਵਿੱਚ ਕਈ ਥਾਵਾਂ 'ਤੇ ਰੋਸ ਪ੍ਰਦਰਸ਼ਨ ਕੀਤਾ।
ਆਕਲੀ ਆਗੂ ਮਨਜਿੰਦਰ ਸਿਰਸਾ ਦਾ ਬਿਆਨ
ਸਿੱਖ ਕੁੜੀਆਂ ਨੂੰ ਅਗਵਾ ਕਰ ਧਰਮ ਪਰਿਵਰਤਨ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਨੂੰ ਵਾਦੀ ਵਿਚ ਘੱਟ ਗਿਣਤੀ ਸਿੱਖ ਕੁੜੀਆਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ ਅਤੇ ਕੁੜੀਆਂ ਨੂੰ ਜਲਦੀ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਨੇ ਘੱਟ ਗਿਣਤੀ ਸਿੱਖਾਂ ਦੀ ਚਿੰਤਾਵਾਂ ਉੱਤੇ ਚਰਚਾ ਦੇ ਲਈ ਜਲਦ ਹੀ ਜੰਮੂ ਕਸ਼ਮੀਰ ਦੇ ਸਿੱਖ ਵਫ਼ਦ ਨੂੰ ਮਿਲਣ ਲਈ ਸਮਾਂ ਦਿੱਤਾ ਹੈ।
ਧਰਮ ਪਰਿਵਰਤਨ ਕਾਨੂੰਨ ਲਾਗੂ ਕਰਨ ਦੀ ਮੰਗ
ਸਿਰਸਾ ਨੇ ਦੱਸਿਆ ਕਿ ਮੁਸਲਮਾਨ ਲੜਕੇ ਨਾਲ ਵਿਆਹ ਕਰਵਾਉਣ ਵਾਲੀ ਕੁੜੀ ਦੇ ਪਹਿਲਾਂ ਹੀ 2-3 ਵਿਆਹ ਹੋ ਚੁੱਕੇ ਹਨ। ਇਥੇ ਸਿਰਸਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਧਰਮ ਪਰਿਵਰਤਨ ਕਾਨੂੰਨ ਜੰਮੂ-ਕਸ਼ਮੀਰ 'ਚ ਯੂਪੀ ਅਤੇ ਮੱਧ ਪ੍ਰਦੇਸ਼ ਦੀ ਤਰ੍ਹਾਂ ਲਾਗੂ ਕੀਤਾ ਜਾਣਾ ਚਾਹੀਦਾ ਹੈ। ਅੰਤਰ ਜਾਤੀ ਵਿਆਹ ਲਈ ਮਾਪਿਆਂ ਦੀ ਸਹਿਮਤੀ ਲੈਣੀ ਲਾਜ਼ਮੀ ਹੈ।ਇਸ ਤੋਂ ਬਾਅਦ ਉਥੋਂ ਦੇ ਸਥਾਨਕ ਲੋਕਾਂ ਨੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਰੋਸ ਮਾਰਚ ਕੱਢਿਆ।
ਐਸਜੀਪੀਸੀ ਦੇ ਅਹੁਦੇਦਾਰਾਂ ਦੀ ਜੰਮੂ ਕਸ਼ਮੀਰ ਦੇ ਗਵਰਨਰ ਨਾਲ ਮੁਲਾਕਾਤ
ਸ੍ਰੀਨਗਰ 'ਚ ਸਿੱਖ ਕੁੜੀਆਂ ਨੂੰ ਜਬਰੀ ਅਗਵਾ ਕਰਕੇ ਵਿਆਹ ਕਰਨ ਅਤੇ ਉਨ੍ਹਾਂ ਦੇ ਧਰਮ ਪਰਿਵਰਤਨ ਮਾਮਲੇ ਨੂੰ ਲੈਕੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਵਲੋਂ ਜੰਮੂ ਕਸ਼ਮੀਰ ਦੇ ਗਵਰਨਰ ਨਾਲ ਮੁਲਾਕਾਤ ਕੀਤੀ ਗਈ। ਇਸ 'ਚ ਗਵਰਨਰ ਵਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਜੋ ਲੜਕੀ ਅਗਵਾ ਹੋਈ ਹੈ, ਉਸ ਨੂੰ ਘਰ ਵਾਪਸ ਲਿਆਉਂਦਾ ਜਾਵੇਗਾ, ਜਿਸ ਨੂੰ ਲੈਕੇ ਉਨ੍ਹਾਂ ਗਵਰਨਰ ਦਾ ਧੰਨਵਾਦ ਕੀਤਾ।
ਸ੍ਰੀਨਗਰ ਅਤੇ ਦਿੱਲੀ 'ਚ ਸਿੱਖ ਭਾਈਚਾਰੇ ਦਾ ਰੋਸ ਪ੍ਰਦਰਸ਼ਨ
ਸਿੱਖ ਭਾਈਚਾਰੇ ਨੇ ਕੁੜੀਆਂ ਨੂੰ ਅਗਵਾ ਕਰ ਕੇ ਜਬਰਨ ਵਿਆਹ ਕਰਵਾਉਣ ਨੂੰ ਲੈ ਕੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਸਿੱਖ ਭਾਈਚਾਰੇ ਨੇ ਸਿੱਖ ਕੁੜੀਆਂ ਨੂੰ ਅਗਵਾ ਕਰ ਕੇ ਜਬਰਨ ਧਰਮ ਪਰਿਵਰਤਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਹੁਣ ਕੁੜੀਆਂ ਨੂੰ ਅਗਵਾ ਕਰਕੇ ਕੋਰਟ 'ਚ ਵਿਆਹ ਕੀਤਾ ਜਾਂਦਾ ਹੈ।
ਇਸ ਦੌਰਾਨ ਸਿੱਖ ਭਾਈਚਾਰੇ ਨੇ ਜੰਮੂ-ਕਸ਼ਮੀਰ ਵਿਚ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ। ਦੱਸ ਦਈਏ ਕਿ ਪ੍ਰਦਰਸ਼ਨਕਾਰੀਆਂ ਨੇ ਸ੍ਰੀਨਗਰ ਦੇ ਬਘਾਟ ਬਰਜ਼ੁਲਾ ਖੇਤਰ ’ਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸ੍ਰੀਨਗਰ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਸਿਰਸਾ ਨੇ ਵੀ ਸ਼ਿਰਕਤ ਕੀਤੀ।
ਕੀ ਹੈ ਪੂਰਾ ਮਾਮਲਾ
ਜੰਮੂ ਕਸ਼ਮੀਰ ਵਿੱਚ ਦੋ ਸਿੱਖ ਕੁੜੀਆਂ ਨੂੰ ਗਨ ਪੁਆਂਇੰਟ 'ਤੇ ਅਗਵਾ ਕਰ ਲਿਆ ਗਿਆ ਅਤੇ ਜਬਰੀ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ। ਇਨ੍ਹਾਂ ਵਿੱਚੋਂ ਇੱਕ ਲੜਕੀ ਦਾ ਜ਼ਬਰਨ ਇੱਕ ਮੁਸਲਮਾਨ ਮੁੰਡੇ ਨਾਲ ਵਿਆਹ ਕਰ ਦਿੱਤਾ ਗਿਆ ਹੈ। ਕੁੜੀ ਅਜੇ ਤੱਕ ਨਹੀਂ ਮਿਲੀ ਸਕੀ ਹੈ। ਇਹ ਮਾਮਲਾ ਸ਼ਨੀਵਾਰ ਨੂੰ ਸਾਹਮਣੇ ਆਇਆ। ਇੱਕ ਘਟਨਾ ਬਡਗਾਮ ਜ਼ਿਲ੍ਹੇ ਦੀ ਹੈ ਅਤੇ ਦੂਜੀ ਮਹਜੂਰ ਨਗਰ ਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਐਤਵਾਰ ਸਵੇਰੇ ਸਿਰਸਾ ਸ੍ਰੀਨਗਰ ਪਹੁੰਚੇ। ਮਨਜਿੰਦਰ ਸਿੰਘ ਸਿਰਸਾ ਨੇ ਉਪ ਰਾਜਪਾਲ ਮਨੋਜ ਸਿਨਹਾ ਤੋਂ ਦਖਲ ਦੀ ਮੰਗ ਕੀਤੀ।