ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੂੰ ਲਾਹ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾਉਣ ਦੇ ਨਾਲ ਹੀ ਕਿਸੇ ਨਾ ਕਿਸੇ ਕਾਰਨ ਆਪਣੀ ਗੱਲ ਮਨਵਾਉਣ ਦੀ ਜਿੱਦ ਕਰਦੇ ਆ ਰਹੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਰਕਾਰ ਵਿੱਚ ਮਨਮਰਜੀ ਚੱਲੇਗੀ ਜਾਂ ਨਹੀਂ, ਇਹ ਗੱਲ ਹੁਣ ਕੇਂਦਰ ਸਰਕਾਰ ਵੱਲੋਂ ਡੀਜੀਪੀ ਲਈ ਵਾਪਸ ਭੇਜੇ ਜਾਣ ਵਾਲੇ ਨਾਵਾਂ ‘ਤੇ ਅਟਕ ਗਈ ਹੈ।
ਸਹੋਤਾ ਨੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ
ਸਿੱਧੂ ਨੇ ਕਿਹਾ ਸੀ ਕਿ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਬਾਦਲਾਂ ਦੇ ਸਮੇਂ ਬੇਅਦਬੀ ਕਾਂਡ ਵਿੱਚ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਸੀ ਤੇ ਦੋ ਹੋਰ ਵਿਅਕਤੀਆਂ ਨੂੰ ਨਾਮਜਦ ਕਰ ਦਿੱਤਾ ਸੀ, ਜਦੋਂਕਿ ਪਾਰਟੀ 2017 ਵਿੱਚ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ। ਸਿੱਧੂ ਦਾ ਕਹਿਣਾ ਹੈ ਕਿ ਅਜਿਹੇ ਵਿੱਚ ਬਾਦਲਾਂ ਨੂੰ ਕਲੀਨ ਚਿੱਟ ਦੇਣ ਵਾਲੇ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਡੀਜੀਪੀ ਨਹੀਂ ਲਗਾਇਆ ਜਾਣਾ ਚਾਹੀਦਾ ਸੀ।
ਸਿੱਧੂ ਨੇ ਚੰਨੀ ਨਾਲ ਫਸਾਏ ਸਿੰਗ
ਇਸ ਤੱਥ ‘ਤੇ ਸਿੱਧੂ ਨੇ ਨਵੇਂ ਸੀਐਮ (Chief Minister) ਚਰਨਜੀਤ ਸਿੰਘ ਚੰਨੀ (Charanjit Singh Channi) ਨਾਲ ਸਿੰਗ ਫਸਾਏ ਹੋਏ ਹਨ ਤੇ ਪਿਛਲੇ ਕਈ ਦਿਨਾਂ ਤੋਂ ਚੱਲਦੇ ਆ ਰਹੇ ਵਿਵਾਦ ਦੌਰਾਨ ਐਤਵਾਰ ਨੂੰ ਸੀਐਮ ਚੰਨੀ ਨੇ ਬਿਆਨ ਦਿੱਤਾ ਹੈ ਕਿ ਪੈਨਲ ਕੇਂਦਰ ਵੱਲੋਂ ਕਲੀਅਰ ਹੋਣ ਉਪਰੰਤ ਨਾਵਾਂ ‘ਤੇ ਪਾਰਟੀ ਪ੍ਰਧਾਨ (Party President), ਮੰਤਰੀਆਂ (Ministers) ਤੇ ਵਿਧਾਇਕਾਂ (MLAs) ਨਾਲ ਮਸ਼ਵਰਾ ਕਰਕੇ ਹੀ ਨਵਾਂ ਡੀਜੀਪੀ ਲਗਾਇਆ ਜਾਵੇਗਾ। ਸਿੱਧੂ ਨੇ ਇੱਕ ਟਵੀਟ ਕਰਕੇ ਕਿਹਾ ਸੀ ਕਿ ਬੇਅਦਬੀ ਕੇਸਾਂ ਵਿੱਚ ਨਿਆਂ ਅਤੇ ਡਰੱਗ ਧੰਦੇ ਪਿੱਛੇ ਮੁੱਖ ਚਿਹਰਿਆਂ ਦੀ ਗਿਰਫਤਾਰੀ ਦੇ ਵਾਅਦੇ ਕਾਰਨ ਸਰਕਾਰ ਬਣੀ ਸੀ ਪਰ ਨਾਕਾਮ ਰਹਿਣ ਕਾਰਨ ਲੋਕਾਂ ਨੇ ਪੁਰਾਣੇ ਮੁੱਖ ਮੰਤਰੀ ਨੂੰ ਲਾਹ ਦਿੱਤਾ ਪਰ ਹੁਮ ਐਡਵੋਕੇਟ ਜਨਰਲ ਅਤੇ ਡੀਜੀਪੀ ਦੀ ਨਿਯੁਕਤੀ ਨਾਲ ਲੋਕਾਂ ਦੇ ਜਖ਼ਮਾਂ ‘ਤੇ ਲੂਣ ਛਿੜਕਣ ਦਾ ਕੰਮ ਕੀਤਾ ਗਿਆ ਹੈ, ਲਿਹਾਜਾ ਉਨ੍ਹਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ।
ਸਹਿਮਤੀ ਨਾਲ ਹੋਵੇਗੀ ਨਵੇਂ ਡੀਜੀਪੀ ਦੀ ਨਿਯੁਕਤੀ
ਇਸ ਉਪਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵੇਂ ਡੀਜੀਪੀ ਦੀ ਨਿਯੁਕਤੀ ਪਾਰਟੀ ਪ੍ਰਧਾਨ, ਮੰਤਰੀਆਂ ਅਤੇ ਵਿਧਾਇਕਾਂ ਦੀ ਸਹਿਮਤੀ ਨਾਲ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 30 ਸਾਲ ਦੇ ਤਜਰਬੇ ਵਾਲੇ ਸੀਨੀਅਰ ਪੁਲਿਸ ਅਫਸਰਾਂ ਦੇ ਨਾਵਾਂ ਦਾ ਪੈਨਲ ਕੇਂਦਰ ਸਰਕਾਰ ਨੂੰ ਭੇਜਿਆ ਹੈ ਤੇ ਕੇਂਦਰ ਵੱਲੋਂ ਅੰਤਮ ਰੂਪ ਦਿੱਤੇ ਜਾਣ ਵਾਲੇ ਤਿੰਨ ਨਾਵਾਂ ਦੇ ਆਉਣ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਇਮਾਨਦਾਰੀ ਤੇ ਸ਼ੁਹਿੱਰਤਾ ਨਾਲ ਕੰਮ ਕਰ ਰਹੀ ਹੈ ਤੇ ਕੰਮਕਾਜ ਵਿੱਚ ਪਾਰਦਰਸ਼ਿਤਾ ਨੂੰ ਪਹਿਲ ਦਿੱਤੀ ਜਾਵੇਗੀ।
ਚੰਨੀ ਦੇ ਸੀਐਮ ਬਣਨ ਦੇ ਨਾਲ ਹੀ ਸਿੱਧੂ ਹੋ ਗਏ ਸੀ ਨਾਰਾਜ
ਜਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਦੋ ਦਿਨ ਬਾਅਦ ਹੀ ਨਵਜੋਤ ਸਿੰਘ ਸਿੱਧੂ ਦੀ ਨਾਰਾਜਗੀ ਉਸ ਵੇਲੇ ਸਾਹਮਣੇ ਆਉਣ ਲੱਗੀ ਸੀ, ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਨਵਜੋਤ ਸਿੱਧੂ ਸੁਪਰ ਸੀਐਮ ਵਜੋਂ ਕੰਮ ਕਰ ਰਿਹਾ ਹੈ। ਜਿਕਰਯੋਗ ਹੈ ਕਿ ਨਵਜੋਤ ਸਿੱਧੂ ਦਰਬਾਰ ਸਾਹਿਬ, ਖਟਕੜ ਕਲਾਂ ਤੇ ਦਿੱਲੀ ਵਿਖੇ ਵੀ ਚੰਨੀ ਦੇ ਨਾਲ ਹੀ ਗਏ ਸੀ ਤੇ ਵਿਰੋਧੀਆਂ ਵੱਲੋਂ ਨਿਸ਼ਾਨਾ ਸਾਧਣ ‘ਤੇ ਕਾਂਗਰਸ ਹਾਈਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਇੱਕਲੇ ਫੈਸਲੇ ਲੈਣ ਦਾ ਇਸ਼ਾਰਾ ਕੀਤਾ ਤੇ ਇਸ ਦੇ ਨਾਲ ਹੀ ਨਵਜੋਤ ਸਿੱਧੂ ਨੂੰ ਉਨ੍ਹਾਂ ਵੱਖ ਕਰ ਦਿੱਤਾ।
ਹਰ ਥਾਂ ਮਨਮਰਜੀ ਚਾਹੁੰਦੇ ਨੇ ਸਿੱਧੂ
ਇਸ ਉਪਰੰਤ ਜਦੋਂ ਮੰਤਰੀ ਮੰਡਲ (Cabinet) ਦੀ ਵਾਰੀ ਆਈ ਤਾਂ ਪੁਰਾਣੇ ਚਿਹਰਿਆਂ ਨੂੰ ਸ਼ਾਮਲ ਕਰਨ ਨੂੰ ਲੈ ਕੇ ਸਿੱਧੂ ਨੇ ਫੇਰ ਵਿਵਾਦ ਖੜ੍ਹਾ ਕਰ ਦਿੱਤਾ ਤੇ ਬਾਅਦ ਵਿੱਚ ਗ੍ਰਹਿ ਮੰਤਰਾਲੇ ਆਪਣੇ ਪਸੰਦ ਦੇ ਮੰਤਰੀ ਨੂੰ ਦਿਵਾਉਣ ਲਈ ਵੀ ਉਨ੍ਹਾਂ ਦੀ ਨਹੀਂ ਚੱਲੀ ਤੇ ਇਹ ਮਹਿਕਮਾ ਸੁਖਜਿੰਦਰ ਸਿੰਘ ਰੰਧਾਵਾ ਕੋਲ ਚਲਾ ਗਿਆ। ਮਹਿਕਮਿਆਂ ਦੀ ਵੰਡ ਹੋਣ ਤੋਂ ਇੱਕ ਘੰਟੇ ਬਾਅਦ ਹੀ ਨਵਜੋਤ ਸਿੱਧੂ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਚੰਨੀ ਨੇ ਸਿੱਧੂ ਨੂੰ ਆਪਣੇ ਕੋਲ ਬੁਲਾਇਆ
ਇਸ ਉਪਰੰਤ ਹਾਈਕਮਾਂਡ ਨੇ ਸੀਐਮ ਚੰਨੀ ਨੂੰ ਹੀ ਇਹ ਵਿਵਾਦ ਸੁਲਝਾਉਣ ਲਈ ਕਿਹਾ ਤੇ ਜਿਸ ਵੇਲੇ ਕਈ ਮੰਤਰੀ ਤੇ ਵਿਧਾਇਕ ਨਵਜੋਤ ਸਿੱਧੂ ਨੂੰ ਮਿਲਣ ਗਏ ਤਾਂ ਚੰਨੀ ਨੇ ਸਿੱਧੂ ਨੂੰ ਆਪਣੇ ਕੋਲ ਪੰਜਾਬ ਭਵਨ ਬੁਲਾਇਆ। ਇੱਥੇ ਲੰਮੀ ਮੀਟਿੰਗ ਉਪਰੰਤ ਕੋਈ ਸਿੱਟਾ ਨਹੀਂ ਨਿਕਲਿਆ ਤੇ ਇਧਰ ਨਾ ਸਿੱਧੂ ਮੰਨੇ ਤੇ ਨਾ ਹੀ ਪਾਰਟੀ ਨੇ ਉਨ੍ਹਾਂ ਦਾ ਅਸਤੀਫਾ ਵਾਪਸ ਲਿਆ। ਇਸੇ ਦੌਰਾਨ ਚੰਨੀ ਸਰਕਾਰ ਨੇ ਡੀਜੀਪੀ ਦੀ ਨਿਯੁਕਤੀ ਲਈ ਪੁਲਿਸ ਅਫਸਰਾਂ ਦਾ ਪੈਨਲ ਕੇਂਦਰ ਨੂੰ ਭੇਜ ਦਿੱਤਾ ਤੇ ਫਿਲਹਾਲ ਹੁਣ ਕੇਂਦਰ ਵੱਲੋਂ ਤਿੰਨ ਅਫਸਰਾਂ ਦੇ ਨਾਵਾਂ ਦੀ ਚੋਣ ‘ਤੇ ਹੀ ਇਹ ਵਿਵਾਦ ਟਿਕ ਗਿਆ ਹੈ।
ਕੈਪਟਨ ਨੇ ਦਿੱਤੀ ਸੀ ਨਸੀਹਤ
ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਨਸੀਹਤ ਦਿੰਦਿਆਂ ਕਈ ਵਾਰ ਕਿਹਾ ਕਿ ਪਾਰਟੀ ਪ੍ਰਧਾਨ ਦਾ ਕੰਮ ਪਾਰਟੀ ਚਲਾਉਣਾ ਹੈ ਤੇ ਸਰਕਾਰ ਮੁੱਖ ਮੰਤਰੀ ਨੂੰ ਚਲਾਉਣੀ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸੀਐਮ ਰਹੇ ਪਰ ਇਸ ਦੌਰਾਨ ਪਾਰਟੀ ਪ੍ਰਧਾਨ ਨਾਲ ਗੱਲਬਾਤ ਹੁੰਦੀ ਰਹੀ ਪਰ ਕਦੇ ਪਾਰਟੀ ਪ੍ਰਧਾਨ ਨੇ ਸੀਐਮ ਦੇ ਕੰਮ ਵਿੱਚ ਦਖ਼ਲ ਅੰਦਾਜੀ ਨਹੀਂ ਕੀਤੀ। ਕੈਪਟਨ ਨੇ ਸਿੱਧੂ ਦੀ ਸੀਐਮ ਦੇ ਕੰਮ ਵਿੱਚ ਦਖ਼ਲ ਅੰਦਾਜੀ ਨੂੰ ਗਲਤ ਕਰਾਰ ਦਿੱਤਾ ਸੀ।