ਪਟਨਾ: ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਤਖ਼ਤ ਸ੍ਰੀ ਪਟਨਾ ਸਾਹਿਬ ਵਿੱਚ ਸਮਾਗਮ ਕਰਵਾਏ ਗਏ। ਜਿਸ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼ਿਰਕਤ ਕੀਤੀ।
ਤਖ਼ਤ ਸ੍ਰੀ ਦਰਬਾਰ ਸਾਹਿਬ ਵਿੱਚ ਹਾਜ਼ਰੀ ਲਵਾਉਣ ਤੋਂ ਬਾਅਦ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਉਹ ਇੱਥੇ ਹਰ ਸਾਲ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਇੱਥੇ ਸੰਗਤਾਂ ਘਟ ਹਨ ਕਿਉਂਕਿ ਲੋਕ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਪਹੁੰਚੇ ਹੋਏ ਹਨ। ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਵਾਹੇਗੁਰੂ ਅਗੇ ਅਰਦਾਸ ਕੀਤੀ ਹੈ ਕਿ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਉਨ੍ਹਾਂ ਨੂੰ ਜਿੱਤ ਮਿਲੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਾਹੇਗੁਰੂ ਮੋਦੀ ਸਰਕਾਰ ਨੂੰ ਮੱਤ ਬਖ਼ਸ਼ੇ ਅਤੇ ਉਹ ਕਾਲੇ ਕਾਨੂੰਨ ਰੱਦ ਕਰੇ।
ਚੰਦੂਮਾਜਰਾ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੇ ਨਾਲ ਹਨ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਕਿਸਾਨਾਂ ਵੱਲੋਂ ਕੱਢ ਜਾਣ ਵਾਲੀ ਟਰੈਕਟਰ ਰੈਲੀ ਵਿੱਚ ਉਹ ਵੀ ਸ਼ਮੂਲੀਅਤ ਕਰਨਗੇ।