ਚੰਡੀਗੜ੍ਹ: ਚੰਡੀਗੜ੍ਹ-ਬੱਦੀ ਰੇਲਵੇ ਲਾਈਨ ਦੇ ਲਈ ਹਰਿਆਣਾ ਵਿੱਚ ਪੈਂਦੀ 77.7373 ਹੈਕਟੇਅਰ ਖੇਤਰ ਜ਼ਮੀਨ ਦੀ ਐਕਵਾਇਜਿੰਗ ਪ੍ਰਕਿਰਿਆ ਮਾਰਚ 2021 ਤੱਕ ਪੂਰੀ ਕਰਕੇ ਇਹ ਰੇਲਵੇ ਮੰਤਰਾਲੇ ਨੂੰ ਤਬਦੀਲ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਇਸ ਮਹੱਤਵਪੂਰਣ ਰੇਲਵੇ ਪ੍ਰਾਜੈਕਟ 'ਤੇ ਕੰਮ ਤੇਜ਼ ਕੀਤਾ ਜਾਵੇਗਾ।
ਮੁਖ ਸਕੱਤਰ ਵਿਜੇ ਵਰਧਨ ਨੇ ਇਹ ਜਾਣਕਾਰੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕੈਬਨਿਟ ਸਕੱਤਰ ਰਾਜੀਵ ਗੌਬਾ ਦੀ ਪ੍ਰਧਾਨਗੀ ਹੇਠ ਹੋਈ ‘ਪ੍ਰਗਤੀ’ ਸਮੀਖਿਆ ਬੈਠਕ ਦੇ ਦੌਰਾਨ ਦਿੱਤੀ। ਮੀਟਿੰਗ ਵਿੱਚ ਵੱਖ ਵੱਖ ਮੰਤਰਾਲਿਆਂ ਦੇ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਰੇਲਵੇ ਮੰਤਰਾਲੇ ਨੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਦੀ ਸਲਾਹ ਨਾਲ ਚੰਡੀਗੜ੍ਹ-ਬੱਦੀ ਰੇਲਵੇ ਲਾਈਨ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਹਨ ਅਤੇ ਬਾਕੀ ਪ੍ਰਕਿਰਿਆ ਵੀ ਦੋਵਾਂ ਰਾਜਾਂ ਵੱਲੋਂ ਜਲਦੀ ਹੀ ਮੁਕੰਮਲ ਕਰ ਲਈਆਂ ਜਾਣਗੀਆਂ। ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁਖ ਸਕੱਤਰ ਆਲੋਕ ਨਿਗਮ ਅਤੇ ਸਬੰਧਤ ਵਿਭਾਗ ਦੇ ਅਧਿਕਾਰੀ ਮੀਟਿੰਗ ਵਿੱਚ ਮੌਜੂਦ ਸਨ।