ਨਵੀਂ ਦਿੱਲੀ: ਪਿਛਲੇ ਤਿੰਨ ਦਿਨਾਂ ਤੋਂ ਸੰਸਦ ਵਿੱਚ ਕਿਸਾਨੀ ਅੰਦੋਲਨ ਦੀ ਗੂੰਜ ਸੁਣਾਈ ਦੇ ਰਹੀ ਹੈ। ਵੀਰਵਾਰ ਨੂੰ ਹੋਏ ਸੰਸਦ ਦੇ ਬਜਟ ਸੈਸ਼ਨ 'ਚ ਕਿਸਾਨ ਅੰਦੋਲਨ 'ਤੇ ਵਾਰ-ਪਲਟਵਾਰ ਦਾ ਸਿਲਸਿਲਾ ਵੇਖਣ ਨੂੰ ਮਿਲਿਆ। ਕਾਂਗਰਸ ਦੇ 'ਹੱਥ' ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਵਾਲੇ ਰਾਜਸਭਾ ਮੈਂਬਰ ਜੋਤੀਰਾਦਿੱਤਿਆ ਸਿੰਧਿਆ ਨੇ ਵੀਰਵਾਰ ਨੂੰ ਰਾਜ ਸਭਾ 'ਚ ਮੋਦੀ ਸਰਕਾਰ ਦਾ ਪੱਖ ਰੱਖਿਆ। ਸੰਬੋਧਨ ਸਮੇਂ ਉਨ੍ਹਾਂ ਕਾਂਗਰਸ ਦੇ ਆਪਣੇ ਪੁਰਾਣੇ ਸਾਥੀਆਂ ਨੂੰ ਖੂਬ ਸੁਣਿਆ। ਉਥੇ ਹੀ ਦਿਗਵਿਜੈ ਸਿੰਘ ਨੇ ਸਿੰਧਿਆ ਦੇ ਬਿਆਨਾਂ 'ਤੇ ਚੁਟਕੀ ਲਈ। ਉਨ੍ਹਾਂ ਕਿਹਾ ਕਿ ਤੁਸੀ ਜਿਸ ਤਰ੍ਹਾਂ ਨਾਲ ਯੁਪੀਏ ਸਰਕਾਰ ਦਾ ਪੱਖ ਰੱਖਿਆ ਕਰਦੇ ਸਨ ਉਸੀ ਤਰ੍ਹਾਂ ਨਾਲ ਤੁਸੀ ਮੋਦੀ ਸਰਕਾਰ ਦਾ ਪੱਖ ਰੱਖ ਰਹੇ ਹੋ। ਵਾਹ ਮਹਾਰਾਜ ਜੀ ਵਾਹ।
ਉਥੇ ਹੀ ਲੋਕ ਸਭਾ ਦੀ ਕਾਰਵਾਈ ਤੀਜੇ ਦਿਨ ਵੀ ਹੰਗਾਮੇ ਦੀ ਭੇਟ ਚੜ੍ਹ ਗਈ। ਹੇਠਲੇ ਸਦਨ ਦੀ ਕਾਰਵਾਈ ਨੂੰ ਬਾਰ ਬਾਰ ਮੁਲਤਵੀ ਕਰਨਾ ਪਿਆ ਕਿਉਂਕਿ ਵਿਰੋਧੀ ਧਿਰ ਨੇ ਜ਼ਿੱਦ ਕਰਕੇ ਰਾਸ਼ਟਰਪਤੀ ਦੇ ਸੰਬੋਧਨ ਉੱਤੇ ਵਿਚਾਰ ਕਰਨ ਦੀ ਬਜਾਏ ਨਵੇਂ ਖੇਤੀਬਾੜੀ ਕਾਨੂੰਨਾਂ ਉੱਤੇ ਵਿਚਾਰ ਵਟਾਂਦਰੇ ਦੀ ਮੰਗ ਕੀਤੀ।