ਚੰਡੀਗੜ੍ਹ: ਭਾਰਤ ਪਾਕਿ ਸਰਹੱਦ ਤੇ ਪਾਕਿਸਤਾਨ ਵਾਲੇ ਪਾਸੇ ਤੋਂ ਆਇਆ ਡਰੋਨ ਬੀਐਸਐਫ ਦੀ ਫਾਇਰਿੰਗ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਵਾਪਸ ਚਲਾ ਗਿਆ। ਇਸ ਘਟਨਾ ਉਪਰੰਤ ਪੁਲਿਸ ਬੀਐਸਐਫ ਅਤੇ ਸੁਰੱਖਿਆ ਏਜੰਸੀਆਂ (Security agencies) ਵੱਲੋਂ ਇਲਾਕੇ ’ਚ ਤਲਾਸ਼ੀ ਮੁਹਿੰਮ (Search Operation) ਜਾਰੀ ਹੈ।
ਭਾਰਤ-ਪਾਕਿਸਤਾਨ ਸਰਹੱਦ ਨੇੜੇ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੀ ਬੀਓਪੀ ਬੁਰਜ ਨੇੜੇ ਅੱਜ ਸਵੇਰੇ ਚਾਰ ਵਜੇ ਬੀਐਸਐਫ ਦੀ 183 ਬਟਾਲੀਅਨ ਦੇ ਜਵਾਨਾਂ ਨੂੰ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਜਿਸ ਤੋਂ ਬਾਅਦ ਤੁਰੰਤ ਬੀਐਸਐਫ ਦੇ ਜਵਾਨਾਂ ਨੇ ਹਰਕਤ ਵਿਚ ਆਉਂਦੇ ਹੋਏ ਡਰੋਨ ਵੱਲ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੇ ਪਾਸੇ ਵਾਪਸ ਚਲਾ ਗਿਆ। ਫਿਲਹਾਲ ਹੁਣ ਪੁਲਿਸ ਤੇ ਬੀਐਸਐਫ ਦੇ ਅਧਿਕਾਰੀਆਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਕਿ ਕਿਤੇ ਇਹ ਡਰੋਨ ਕੋਈ ਵਸਤੂ ਭਾਰਤ ਵਾਲੇ ਪਾਸੇ ਨਾ ਸੁੱਟ ਕੇ ਗਿਆ ਹੋਵੇ।
ਜਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਪੰਜਾਬ ਵਿੱਚ ਬੀਐਸਐਫ ਦਾ ਦਾਇਰਾ (Scope of BSF) ਵਧਾਉਣ ਦੇ ਮੁੱਦੇ ’ਤੇ ਸਿਆਸਤ ਮਘੀ ਹੋਈ ਹੈ ਤੇ ਸੱਤਾ ਧਿਰ ਸਮੇਤ ਹੋਰ ਵਿਰੋਧੀ ਪਾਰਟੀਆਂ ਬੀਐਸਐਫ ਦਾ ਦਾਇਰਾ ਵਧਾਉਣ ਦਾ ਵਿਰੋਧ ਕਰ ਰਹੀਆਂ ਹਨ ਤੇ ਇਸੇ ਦਾ ਵਿਰੋਧ ਜਿਤਾਉਣ ਨੂੰ ਲੈ ਕੇ ਪਿਛਲੇ ਦਿਨੀਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਵੀ ਸੱਦਿਆ ਗਿਆ ਸੀ।
ਦੂਜੇ ਪਾਸੇ ਸਰਹੱਦ ’ਤੇ ਜਿੱਥੇ ਪਾਕਿਸਤਾਨ ਵੱਲੋਂ ਸ਼ੱਕੀ ਕਾਰਵਾਈਆਂ ਵਿੱਢੀਆਂ ਜਾਂਦੀਆਂ ਆ ਰਹੀਆਂ ਹਨ, ਉਥੇ ਬੀਐਸਐਫ ਵੀ ਚੌਕਸ ਹੋ ਗਈ ਹੈ ਤੇ ਹਰਕਤ ਵਿੱਚ ਆ ਗਈ ਹੈ। ਇਸੇ ਦੇ ਨਤੀਜੇ ਵਜੋਂ ਅੱਜ ਪਾਕਿਸਤਾਨ ਵੱਲੋਂ ਆਇਆ ਡਰੋਨ ਬੀਐਸਐਫ ਦੀ ਫਾਇਰਿੰਗ ਕਾਰਨ ਵਾਪਸ ਪਰਤ ਗਿਆ। ਅਜਿਹੇ ਵਿੱਚ ਬੀਐਸਐਫ ਦੀ ਇਸ ਸਰਹੱਦ ’ਤੇ ਚੌਕਸੀ ਆਪਣੇ ਆਪ ਵਿੱਚ ਅਹਿਮੀਅਤ ਰੱਖਦੀ ਹੈ।
ਇਹ ਵੀ ਪੜ੍ਹੋ:Guru Nanak Gurpurab 2021: ਪਾਕਿਸਤਾਨ ਲਈ ਜੱਥਾ ਹੋਇਆ ਰਵਾਨਾ