ਹੈਦਰਾਬਾਦ ਡੈਸਕ: ਭਾਰਤ ਦੇ ਚੰਦਰਯਾਨ 3 ਨੇ 23 ਅਗਸਤ, 2023 ਨੂੰ ਚੰਨ ਉੱਤੇ ਸਫ਼ਲ ਸਾਫਟ ਲੈਂਡਿੰਗ ਕਰ ਲਈ ਹੈ। ਇਸ ਨੂੰ ਲੈ ਕੇ ਦੇਸ਼ ਭਰ ਵਿੱਚ ਖੁਸ਼ੀ ਅਤੇ ਮਾਣ ਮਹਿਸੂਸ ਕਰਨ ਵਾਲਾ ਮਾਹੌਲ ਰਿਹਾ ਹੈ। ਇਸ ਦੇ ਮੱਦੇਨਜ਼ਰ ਜਿੱਥੇ ਵਿਗਿਆਨੀਆਂ ਵਿੱਚ ਜਸ਼ਨ ਦਾ ਮਾਹੌਲ ਸੀ, ਉੱਥੇ ਹੀ ਸਾਡੇ ਸਿਆਸੀ ਗਲਿਆਰੇ ਵਿੱਚ ਵੀ ਖੁਸ਼ੀ ਦੀ ਲਹਿਰ ਰਹੀ ਹੈ। ਇਸ ਦੌਰਾਨ ਤਾਂ, ਸਾਡੇ ਦੇਸ਼ ਦੇ ਕਈ ਮੰਤਰੀਆਂ ਨੇ ਚੰਦਰਯਾਨ 3 ਦੀ ਸਫ਼ਲਤਾ ਦੀ ਵਧਾਈ ਦਿੰਦਿਆ ਅਜਿਹਾ ਗਿਆਨ ਸਾਂਝਾ ਕੀਤਾ ਹੈ ਕਿ ਤੁਸੀਂ ਹੱਸੇ ਬਿਨਾਂ ਨਹੀਂ ਰਹਿ ਪਾਓਗੇ। ਮੰਤਰੀਆਂ ਦੇ ਬਿਆਨਾਂ ਨੂੰ ਸੁਣ ਕੇ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਨੂੰ ਖੁਸ਼ੀ ਇੰਨੀ ਜ਼ਿਆਦਾ ਹੋ ਗਈ ਕਿ 'ਸਲਿਪ ਆਫ ਟੰਗ' ਹੋ ਗਿਆ ਜਾਂ ਫਿਰ ਚੰਦਰਯਾਨ 3 ਬਾਰੇ ਉਨ੍ਹਾਂ ਨੂੰ ਗਿਆਨ ਹੈ ਹੀ ਨਹੀਂ !
ਕਿਸੇ ਨੇ ਰਾਕੇਸ਼ ਰੌਸ਼ਨ ਨੂੰ ਕੀਤਾ ਯਾਦ, ਤਾਂ ਕਿਸੇ ਨੇ ਚੰਨ 'ਤੇ ਭੇਜ ਦਿੱਤੇ ਯਾਤਰੀ: ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੰਦੇ ਹੋਏ ਮਮਤਾ ਬੈਨਰਜੀ ਨੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਬਜਾਏ ਰਾਕੇਸ਼ ਰੋਸ਼ਨ ਨੂੰ ਯਾਦ ਕਰ ਲਿਆ। ਉੱਥੇ ਹੀ, ਰਾਜਸਥਾਨ ਸਰਕਾਰ 'ਚ ਖੇਡ ਮੰਤਰੀ ਅਸ਼ੋਕ ਚੰਦਨਾ ਨੇ ਚੰਨ 'ਤੇ ਪਹੁੰਚਣ ਵਾਲੇ 'ਯਾਤਰੀਆਂ' ਨੂੰ ਵਧਾਈ ਦੇ ਦਿੱਤੀ। ਲੈਂਡਿੰਗ ਤੋਂ ਪਹਿਲਾਂ ਜਦੋਂ ਨਿਤੀਸ਼ ਕੁਮਾਰ ਤੋਂ ਚੰਦਰਯਾਨ ਬਾਰੇ ਪੁੱਛਿਆ ਗਿਆ, ਤਾਂ ਉਹ ਇਸ ਤੋਂ ਅਣਜਾਣ ਹੀ ਨਜ਼ਰ ਆਏ। ਓਪੀ ਰਾਜਭਰ ਇਨ੍ਹਾਂ ਸਾਰੇ ਨੇਤਾਵਾਂ ਤੋਂ ਇੱਕ ਕਦਮ ਹੋਰ ਅੱਗੇ ਨਜ਼ਰ ਆਏ।
ਮਮਤਾ ਬੈਨਰਜੀ ਨੇ ਕੀ ਕਿਹਾ: ਚੰਦਰਯਾਨ-3 ਦੇ ਸਫਲ ਲੈਂਡਿੰਗ ਦੇ ਦੌਰਾਨ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਉਹ ਪੁਲਾੜ 'ਚ ਪਹੁੰਚਣ ਵਾਲੇ ਪਹਿਲੇ ਭਾਰਤੀ ਰਾਕੇਸ਼ ਸ਼ਰਮਾ ਦਾ ਜ਼ਿਕਰ ਕਰ ਰਹੀ ਸੀ ਅਤੇ ਦੱਸ ਰਹੀ ਸੀ ਕਿ ਜਦੋਂ ਰਾਕੇਸ਼ ਸ਼ਰਮਾ ਪੁਲਾੜ 'ਚ ਪਹੁੰਚੇ ਸਨ, ਤਾਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ। ਪਰ, ਗ਼ਲਤੀ ਇੱਥੇ ਹੋ ਗਈ ਕਿ ਰਾਕੇਸ਼ ਸ਼ਰਮਾ ਦੀ ਬਜਾਏ ਸੀਐਮ ਮਮਤਾ ਨੇ ਰਾਕੇਸ਼ ਰੌਸ਼ਨ ਬੋਲਿਆ। ਹੁਣ ਉਨ੍ਹਾਂ ਵੱਲੋਂ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਨੂੰ ਰਾਕੇਸ਼ ਰੌਸ਼ਨ ਕਹਿਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਖੂਬ ਟਰੋਲ ਹੋ ਰਹੇ ਹਨ।
ਇਨ੍ਹਾਂ ਨੇ ਦਿੱਤੀ ਚੰਦਰਯਾਨ ਵਾਪਸ ਆਉਣ 'ਤੇ ਸਵਾਗਤ ਕਰਨ ਦੀ ਸਲਾਹ : ਇਸ ਨੇਤਾ ਨੇ ਤਾਂ ਚੰਦਰਯਾਨ ਦੇ ਵਾਪਸ ਧਰਤੀ ਉੱਤੇ ਆਉਣ ਮੌਕੇ ਉਸ ਦਾ ਸਵਾਗਤ ਕਰਨ ਦੀ ਸਲਾਹ ਹੀ ਦੇ ਛੱਡੀ। ਦਰਅਸਲ, ਸੁਭਾਸਪਾ ਮੁਖੀ ਓਮਪ੍ਰਕਾਸ਼ ਰਾਜਭਰ ਨੇ ਕਿਹਾ, ਅਸੀਂ ਤਾਂ ਭਾਰਤ ਦੇ ਉਨ੍ਹਾਂ ਵਿਗਿਆਨੀਆਂ ਦਾ ਧੰਨਵਾਦ ਕਰਦੇ ਹਾਂ। ਦਿਨ ਪ੍ਰਤੀਦਿਨ ਰਿਸਰਚ ਕਰਕੇ ਨਵੀ ਖੋਜ ਕੀਤੀ ਹੈ। ਜੋ ਚੰਦਰਯਾਨ 3 ਦੀ ਗੱਲ ਕਰੇ ਰਹੇ ਹੈ, ਇਸ ਲਈ ਅਸੀਂ ਉਨ੍ਹਾਂ ਨੂੰ ਵਧਾਈ ਦਿੰਦੇ ਹਾਂ। ਕੱਲ੍ਹ ਧਰਤੀ ਉੱਤੇ ਸਕੁਸ਼ਲ ਉਸ ਦੇ ਆਉਣ ਦਾ ਜੋ ਸਮਾਂ ਹੈ, ਆਉਣ ਤੋਂ ਬਾਅਦ ਉਸ ਦਾ ਪੂਰੇ ਦੇਸ਼ ਨੂੰ ਸਵਾਗਤ ਕਰਨਾ ਚਾਹੀਦਾ ਹੈ।
ਰਾਜਸਥਾਨ ਦੇ ਮੰਤਰੀ ਨੇ ਚੰਨ 'ਤੇ ਜਾਣ ਵਾਲੇ ਯਾਤਰੀਆਂ ਨੂੰ ਵਧਾਈ ਦਿੱਤੀ : ਚੰਦਰਯਾਨ 3 ਦੇ ਸਫਲ ਲੈਂਡਿੰਗ ਤੋਂ ਬਾਅਦ ਰਾਜਸਥਾਨ ਸਰਕਾਰ ਦੇ ਖੇਡ ਮੰਤਰੀ ਅਸ਼ੋਕ ਚੰਦਨਾ ਓਮਪ੍ਰਕਾਸ਼ ਰਾਜਭਰ ਤੋਂ ਵੀ ਇੱਕ ਕਦਮ ਅੱਗੇ ਨਿਕਲ ਗਏ। ਉਨ੍ਹਾਂ ਕਿਹਾ, ਅਸੀਂ ਸਫਲ ਰਹੇ ਅਤੇ ਸੁਰੱਖਿਅਤ ਲੈਂਡਿੰਗ ਕੀਤੀ, ਮੈਂ ਗਏ ਯਾਤਰੀਆਂ ਨੂੰ ਸਲਾਮ ਕਰਦਾ ਹਾਂ। ਸਾਡੇ ਦੇਸ਼ ਨੇ ਵਿਗਿਆਨ ਅਤੇ ਪੁਲਾੜ ਵਿੱਚ ਇੱਕ ਹੋਰ ਕਦਮ ਅੱਗੇ ਵਧਾਇਆ ਹੈ, ਮੈਂ ਇਸ ਲਈ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਅਸ਼ੋਕ ਚੰਦਨਾ ਇਸ ਗੱਲ ਤੋਂ ਅਣਜਾਣ ਜਾਪਦੇ ਸਨ ਕਿ ਚੰਦਰਯਾਨ-3 ਭਾਰਤ ਦਾ ਤੀਜਾ ਮਾਨਵ ਰਹਿਤ ਮਿਸ਼ਨ ਸੀ।
ਬਿਹਾਰ ਦੇ ਮੁੱਖ ਮੰਤਰੀ ਚੰਦਰਯਾਨ 3 ਤੋਂ ਅਣਜਾਣ ਨਜ਼ਰ ਆਏ: ਦੂਜੇ ਪਾਸੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਮਿਸ਼ਨ ਚੰਦਰਯਾਨ ਤੋਂ ਅਣਜਾਣ ਨਜ਼ਰ ਆਏ। ਲੈਂਡਿੰਗ ਤੋਂ ਪਹਿਲਾਂ ਜਦੋਂ ਉਨ੍ਹਾਂ ਨੂੰ ਇਕ ਪੱਤਰਕਾਰ ਨੇ ਪੁੱਛਿਆ ਕਿ ਮਿਸ਼ਨ ਚੰਦਰਯਾਨ-3 ਬੁੱਧਵਾਰ ਸ਼ਾਮ ਕਰੀਬ 6 ਵਜੇ ਚੰਦਰਮਾ 'ਤੇ ਉਤਰੇਗਾ। ਪੱਤਰਕਾਰ ਦੇ ਸਵਾਲ 'ਤੇ ਨਿਤੀਸ਼ ਕੁਮਾਰ ਅਣਜਾਣ ਨਜ਼ਰ ਆਏ। ਉਨ੍ਹਾਂ ਦੀ ਪ੍ਰਤੀਕਿਰਿਆ ਦੇਖ ਕੇ ਸਾਫ਼ ਪਤਾ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਬਿਲਕੁਲ ਵੀ ਨਹੀਂ ਪਤਾ ਹੈ। ਹਾਲਾਂਕਿ, ਸੀਐਮ ਦੇ ਇਸ਼ਾਰੇ ਨੂੰ ਦੇਖ ਕੇ ਨੇੜੇ ਖੜ੍ਹੇ ਅਸ਼ੋਕ ਚੌਧਰੀ ਚੌਕਸ ਹੋ ਗਏ, ਤਾਂ ਉਨ੍ਹਾਂ ਨੇ ਨਿਤੀਸ਼ ਕੁਮਾਰ ਦੇ ਕੰਨ ਕੋਲ ਜਾ ਕੇ ਮਿਸ਼ਨ ਚੰਦਰਯਾਨ ਬਾਰੇ ਦੱਸਿਆ। ਇਸ ਤੋਂ ਬਾਅਦ ਨਿਤੀਸ਼ ਨੇ ਕਿਹਾ ਕਿ ਮਿਸ਼ਨ ਚੰਦਰਯਾਨ ਚੰਗੀ ਗੱਲ ਹੈ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਚੰਦਰਮਾ 'ਤੇ ਤੀਜੇ ਚੰਦਰਯਾਨ ਮਿਸ਼ਨ ਚੰਦਰਯਾਨ 3 ਦੀ ਸਫਲ ਲੈਂਡਿੰਗ ਨਾਲ, ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਭਾਰਤ ਅਣਵੰਡੇ ਰੂਸ, ਚੀਨ ਅਤੇ ਅਮਰੀਕਾ ਤੋਂ ਬਾਅਦ ਚੰਦਰਮਾ 'ਤੇ ਉਤਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਭਾਰਤ ਦਾ ਤੀਜਾ ਚੰਦਰ ਮਿਸ਼ਨ, ਚੰਦਰਯਾਨ-3 ਆਂਧਰਾ ਪ੍ਰਦੇਸ਼ ਰਾਜ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ 14 ਜੁਲਾਈ, 2023 ਨੂੰ ਲਾਂਚ ਕੀਤਾ ਗਿਆ ਸੀ। ਇਹ ਚੰਦਰਯਾਨ-2 ਦਾ ਫਾਲੋ-ਅਪ ਮਿਸ਼ਨ ਹੈ, ਚੰਦਰਮਾ 'ਤੇ ਉਤਰਨ ਦੀ ਭਾਰਤ ਦੀ ਪਹਿਲੀ ਕੋਸ਼ਿਸ਼, ਜੋ 6 ਸਤੰਬਰ, 2019 ਨੂੰ ਅਸਫਲ ਹੋ ਗਈ ਸੀ।